ਪੰਜਾਬ ‘ਚ ED ਦੀ ਵੱਡੀ ਕਾਰਵਾਈ, ਮਨੀ ਲਾਂਡਰਿੰਗ ਮਾਮਲੇ ‘ਚ ਮੁੱਖ ਮੰਤਰੀ ਚੰਨੀ ਦਾ ਕਰੀਬੀ ਰਿਸ਼ਤੇਦਾਰ ਗ੍ਰਿਫ਼ਤਾਰ

ਚੰਡੀਗੜ੍ਹ, ਮੀਡੀਆ ਬਿਊਰੋ: ਈਡੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charnajit Singh Channi) ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਵੀਰਵਾਰ ਰਾਤ ਕਰੀਬ 2 ਵਜੇ ਗ੍ਰਿਫ਼ਤਾਰ ਕਰ ਲਿਆ। ਹਨੀ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸਾਲ 2018 ‘ਚ ਦਰਜ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ‘ਚ 18 ਜਨਵਰੀ ਨੂੰ ਭੁਪਿੰਦਰ ਸਿੰਘ ਹਨੀ ਦੇ ਮੋਹਾਲੀ, ਲੁਧਿਆਣਾ ਤੇ ਪਠਾਨਕੋਟ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਈਡੀ ਨੇ ਭੁਪਿੰਦਰ ਦੇ ਟਿਕਾਣੇ ਤੋਂ 7.9 ਕਰੋੜ ਰੁਪਏ, ਭੁਪਿੰਦਰ ਦੇ ਸਾਥੀ ਸੰਦੀਪ ਤੋਂ 2 ਕਰੋੜ ਰੁਪਏ, 21 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 12 ਲੱਖ ਰੁਪਏ ਦੀ ਰੋਲੇਕਸ ਘੜੀ ਬਰਾਮਦ ਕੀਤੀ ਸੀ।

ਈਡੀ ਨੇ ਵੀਰਵਾਰ ਨੂੰ ਭੁਪਿੰਦਰ ਸਿੰਘ ਨੂੰ ਆਪਣੇ ਜਲੰਧਰ ਦਫ਼ਤਰ ‘ਚ ਪੁੱਛਗਿੱਛ ਲਈ ਬੁਲਾਇਆ। ਕਰੀਬ 9 ਘੰਟੇ ਤਕ ਚੱਲੀ ਪੁੱਛਗਿੱਛ ਦੌਰਾਨ ਭੁਪਿੰਦਰ ਸਿੰਘ ਘਬਰਾ ਗਿਆ ਤੇ ਦਾਅਵਾ ਕੀਤਾ ਕਿ ਈਡੀ ਅਧਿਕਾਰੀਆਂ ਸਾਹਮਣੇ ਉਸਦੀ ਸਿਹਤ ਵਿਗੜ ਰਹੀ ਹੈ। ਜਿਸ ਤੋਂ ਬਾਅਦ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਰਾਤ 1 ਵਜੇ ਦੇ ਕਰੀਬ ਹਸਪਤਾਲ ਨੇ ਭੁਪਿੰਦਰ ਦੀਆਂ ਸਾਰੀਆਂ ਜਾਂਚ ਰਿਪੋਰਟਾਂ ਨਾਰਮਲ ਹੋਣ ਦਾ ਦਾਅਵਾ ਕੀਤਾ ਜਿਸ ਤੋਂ ਬਾਅਦ ਰਾਤ 2 ਵਜੇ ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਭੁਪਿੰਦਰ ਨੂੰ ਅੱਜ ਈਡੀ ਵੱਲੋਂ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਭੁਪਿੰਦਰ ਸਿੰਘ ਹਨੀ ਫਰਜ਼ੀ ਕੰਪਨੀਆਂ ਬਣਾ ਕੇ ਕਰ ਰਿਹਾ ਸੀ ਕਰੋੜਾਂ ਦਾ ਲੈਣ-ਦੇਣ

ਟੀਮ ਨੂੰ ਛਾਪੇਮਾਰੀ ਦੌਰਾਨ ਦਸਤਾਵੇਜ਼ ਵੀ ਮਿਲੇ ਸਨ, ਜਿਨ੍ਹਾਂ ਤੋਂ ਪਤਾ ਲੱਗਾ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੇ ਕੁਝ ਫਰਜ਼ੀ ਕੰਪਨੀਆਂ ਬਣਾਈਆਂ ਸਨ ਤੇ ਰੇਤ ਮਾਈਨਿੰਗ ਮਾਫੀਆ ਨਾਲ ਉਸ ਦੇ ਸਬੰਧ ਸਨ। ਨਾਜਾਇਜ਼ ਮਾਈਨਿੰਗ ਦੇ ਮਾਮਲੇ ‘ਚ ਮੁਲਜ਼ਮ ਦੋ ਫਰਮਾਂ ਚਲਾ ਰਿਹਾ ਸੀ, ਜਿਸ ਵਿੱਚ ਭੁਪਿੰਦਰ ਸਿੰਘ ਹਨੀ ਜਾਇੰਟ ਡਾਇਰੈਕਟਰ ਸੀ। ਇਨ੍ਹਾਂ ਫਰਮਾਂ ਰਾਹੀਂ ਹੀ ਲੈਣ-ਦੇਣ ਕੀਤਾ ਜਾਂਦਾ ਸੀ।

Share This :

Leave a Reply