ਜਲੰਧਰ, ਮੀਡੀਆ ਬਿਊਰੋ:
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਨਾਜਾਇਜ਼ ਰੇਤ ਮਾਈਨਿੰਗ ((Illegal Sand Mining) ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਉਰਫ਼ ਹਨੀ ਤੇ ਉਸ ਦੇ ਸਹਿਯੋਗੀ ਕੁਦਰਤਦੀਪ ਸਿੰਘ ਉਰਫ਼ ਲਵੀ ਖਿਲਾਫ਼ ਅਦਾਲਤ ‘ਚ ਚਾਰਜਸ਼ੀਟ ਦਾਇਰ ਕੀਤੀ ਹੈ। ਪੀਐੱਮਐੱਲਏ ਦੇ ਵਿਸ਼ੇਸ਼ ਜੱਜ ਰੁਪਿੰਦਰਜੀਤ ਚਹਿਲ ਦੀ ਅਦਾਲਤ ‘ਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਅਦਾਲਤ ਨੇ ਮਾਮਲੇ ‘ਚ ਸੁਣਵਾਈ ਦੀ ਅਗਲੀ ਤਰੀਕ 6 ਅਪ੍ਰੈਲ ਤੈਅ ਕੀਤੀ ਹੈ।
ਚਾਰਜਸ਼ੀਟ 31 ਮਾਰਚ ਨੂੰ ਪੀਐੱਮਐੱਲਏ, 2002 ਦੀ ਧਾਰਾ 3, 4, 44 ਤੇ 45 ਤਹਿਤ ਦਾਇਰ ਕੀਤੀ ਗਈ ਹੈ। ਈਡੀ ਨੇ ਹਨੀ ਨੂੰ 3 ਅਤੇ 4 ਫਰਵਰੀ ਦੀ ਰਾਤ ਗ੍ਰਿਫ਼ਤਾਰ ਕੀਤਾ ਸੀ ਤੇ ਨਿਯਮ ਅਨੁਸਾਰ ED ਨੇ ਉਸ ਦੇ ਖਿਲਾਫ਼ 60 ਦਿਨਾਂ ਦੇ ਅੰਦਰ ਚਾਰਜਸ਼ੀਟ ਦਾਇਰ ਕਰਨੀ ਸੀ। ਈਡੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ 18 ਜਨਵਰੀ ਨੂੰ ਹਨੀ ਤੇ ਹੋਰਨਾਂ ਖਿਲਾਫ਼ 10 ਜਗ੍ਹਾ ‘ਤੇ ਛਾਪੇਮਾਰੀ ਕੀਤੀ ਸੀ। ਈਡੀ ਨੇ ਹਨੀ ਦੇ ਕੰਪਲੈਕਸ ਤੋਂ ਕਰੀਬ 7.9 ਕਰੋੜ ਰੁਪਏ ਨਕਦੀ ਅਤੇ ਉਸਦੇ ਇਕ ਸਹਿਯੋਗੀ ਸੰਦੀਪ ਕੁਮਾਰ ਕੋਲੋਂ 2 ਕਰੋੜ ਰੁਪਏ ਨਕਦੀ ਜ਼ਬਤ ਕੀਤੀ ਸੀ। ਬਾਅਦ ਵਿਚ ਈਡੀ ਨੇ ਹਨੀ ਨੂੰ ਕਈ ਵਾਰ ਪੁੱਛਗਿੱਛ ਲਈ ਬੁਲਾਇਆ ਤੇ ਅਖੀਰ ਵਿਚ ਉਸ ਨੂੰ 3 ਫਰਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਲਗਾਤਾਰ 7 ਦਿਨ ਤਕ ਈਡੀ ਨੇ ਹਨੀ ਨੂੰ ਰਿਮਾਂਡ ‘ਚ ਰੱਖਿਆ ਸੀ ਜਿਸ ਤੋਂ ਬਾਅਦ ਉਸ ਨੂੰ ਨਿਆਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਅਤੇ ਉਹ ਹੁਣ ਤਕ ਜੇਲ੍ਹ ‘ਚ ਹੀ ਬੰਦ ਹੈ।