ਚੰਨੀ ਵੱਲੋਂ ਨਰਮਾ ਪੱਟੀ ਦਾ ਤੂਫਾਨੀ ਦੌਰਾ, ਗੁਲਾਬੀ ਸੁੰਡੀ ਦੇ ਹਮਲੇ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ

ਚੰਡੀਗੜ੍ਹ (ਮੀਡੀਆ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ ਨਰਮਾ ਉਤਪਾਦਕਾਂ ਨੂੰ ਢੁਕਵਾਂ ਮੁਆਵਜ਼ਾ ਦੇਵੇਗੀ। ਮੁੱਖ ਮੰਤਰੀ ਨੇ ਅੱਜ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨਾਲ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਮਾਲਵੇ ਖਿੱਤੇ ਦੀ ਨਰਮਾ ਪੱਟੀ ਦਾ ਤੂਫਾਨੀ ਦੌਰਾ ਕੀਤਾ। ਪਿੰਡ ਨਸੀਬਪੁਰਾ ਅਤੇ ਕਟਾਰ ਸਿੰਘ ਵਾਲਾ ਵਿਖੇ ਮੁੱਖ ਮੰਤਰੀ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਬੀਜ ਦੀ ਗੁਣਵੱਤਾ ਦੀ ਪਰਖ ਅਤੇ ਪ੍ਰਮਾਣਿਕਤਾ ਲਈ ਸੂਬਾ ਭਰ ਵਿਚ ਲੈਬ ਸਥਾਪਤ ਕਰਨ ਲਈ ਆਖਿਆ ਤਾਂ ਕਿ ਮੁੜ ਅਜਿਹੇ ਕੀਟ ਹਮਲੇ ਰੋਕੇ ਜਾ ਸਕਣ।

ਸ. ਚੰਨੀ ਨੇ ਅਧਿਕਾਰੀਆਂ ਨੂੰ ਬਿਹਤਰ ਕੀਟਨਾਸ਼ਕਾਂ ਮੁਹੱਈਆ ਕਰਵਾਉਣ ਲਈ ਹਰ ਹੀਲਾ ਵਰਤਣ ਲਈ ਕਿਹਾ ਤਾਂ ਕਿ ਕਿਸਾਨ ਦੀ ਬੇਸ਼ਕੀਮਤੀ ਫਸਲ ਕੀੜਿਆਂ ਦੇ ਹਮਲਿਆਂ ਤੋਂ ਬਚਾਈ ਜਾ ਸਕੇ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿਚ ਕਿਸਾਨਾਂ ਨਾਲ ਡਟ ਕੇ ਖੜੀ ਹੈ। ਉਨਾਂ ਕਿਹਾ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਇਕ-ਇਕ ਪੈਸਾ ਪੰਜਾਬ ਸਰਕਾਰ ਸਿੱਧਾ ਉਨਾਂ ਦੇ ਖਾਤਿਆਂ ਵਿਚ ਪਾਵੇਗੀ।

ਸ. ਚੰਨੀ ਨੇ ਅਧਿਕਾਰੀਆਂ ਨੂੰ ਸਰਵੇਖਣ ਦੀ ਪ੍ਰਕਿਰਿਆ ਛੇਤੀ ਤੋਂ ਛੇਤੀ ਮੁਕੰਮਲ ਕਰਨ ਲਈ ਆਖਿਆ ਤਾਂ ਕਿ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦਾ ਪਹਿਲਾ ਟੀਚਾ ਲੋੜੀਂਦੇ ਇਹਤਿਆਦੀ ਕਦਮਾਂ ਰਾਹੀਂ ਇਸ ਹਮਲੇ ਨੂੰ ਹੋਰ ਫੈਲਣ ਤੋਂ ਰੋਕਣਾ ਹੈ। ਉਨਾਂ ਨੇ ਅਧਿਕਾਰੀਆਂ ਨੂੰ ਆਪਣੀ ਪੂਰੀ ਵਾਹ ਲਾ ਦੇਣ ਲਈ ਕਿਹਾ ਤਾਂ ਕਿ ਕਿਸਾਨਾਂ ਦਾ ਹੋਰ ਨੁਕਸਾਨ ਨਾ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ। ਸ. ਚੰਨੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਵਿਚ ਉਨਾਂ ਦੇ ਹਿੱਤਾਂ ਦੀ ਰਾਖੀ ਲਈ ਪੂਰਨ ਤੌਰ ਉਤੇ ਵਚਨਬੱਧ ਹੈ।

Share This :

Leave a Reply