ਕੇਜਰੀਵਾਲ ਤੇ ਸਿੱਧੂ ‘ਤੇ ਲਾਏ ਨਿਸ਼ਾਨੇ
ਬਨੂੜ, ਮੀਡੀਆ ਬਿਊਰੋ:
ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਤਰੱਕੀ, ਖੁਸ਼ਹਾਲੀ, ਸੁਰੱਖਿਆ ਅਤੇ ਸਾਂਤੀ ਲਈ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਸੱਦਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਨੂੰ ਕੇਂਦਰ ਸਰਕਾਰ ਦੀ ਬੇਹੱਦ ਲੋੜ ਹੈ ਤੇ ਕੇਂਦਰ ਵਿੱਚ 2024 ਮਗਰੋਂ ਵੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਦੀ ਸਰਕਾਰ ਆਉਣੀ ਤੈਅ ਹੈ। ਉਹ ਅੱਜ ਦੁਪਹਿਰ ਰਾਜਪੁਰਾ ਹਲਕੇ ਤੋਂ ਚੋਣ ਲੜ ਰਹੇ ਭਾਜਪਾ ਦੇ ਉਮੀਦਵਾਰ ਜਗਦੀਸ਼ ਕੁਮਾਰ ਜੱਗਾ ਦੇ ਹੱਕ ਵਿੱਚ ਅਨਾਜ ਮੰਡੀ ਵਿੱਚ ਹੋਈ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਕੈਪਟਨ ਅਮਰਿੰਦਰ ਨੇ ਇਸ ਮੌਕੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਉੱਤੇ ਵੀ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 40 ਦਾਗੀ ਵਿਧਾਇਕਾਂ ਨੂੰ ਦੁਬਾਰਾ ਟਿਕਟਾਂ ਦੇ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਕਿਹੋ ਜਿਹੇ ਨੁਮਾਇੰਦੇ ਲਿਆਉਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨੇ 111 ਦਿਨਾਂ ਵਿੱਚ 33 ਹਜ਼ਾਰ ਕਰੋੜ ਬਰਬਾਦ ਕੀਤੇ ਅਤੇ ਹੁਣ ਰਾਜ ਸਰਕਾਰ ਕੋਲ ਮਾਰਚ ਮਹੀਨੇ ਲਈ ਮੁਲਾਜ਼ਮਾਂ ਦੀ ਤਨਖਾਹਾਂ ਜੋਗੇ ਵੀ ਪੇੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਪਾਕਿਸਤਾਨ ਨਾਲ ਯਾਰੀਆਂ ਪੁਗਾਉਂਦਾ ਹੈ, ਜਦੋਂ ਕਿ ਪਾਕਿਸਤਾਨ ਹਮੇਸ਼ਾ ਪੰਜਾਬ ਵਿੱਚ ਗੜਬੜ ਫੈਲਾਉਣ ਲਈ ਡਰੋਨਾਂ ਰਾਹੀਂ ਹਥਿਆਰ ਭੇਜਦਾ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਹਨ ਅਤੇ ਪੰਜਾਬ ਵਿੱਚ ਗਠਜੋੜ ਦੀ ਸਰਕਾਰ ਬਣਨੀ ਤੈਅ ਹੈ।
ਅਰਵਿੰਦ ਕੇਜਰੀਵਾਲ ‘ਤੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਝੂਠੀਆਂ ਗਾਰੰਟੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਇੱਕ ਹਜ਼ਾਰ ਮਹੀਨਾ ਦੇਣ ਦੀ ਗਾਰੰਟੀ ਦੇਣ ਵਾਲਾ ਕੇਜਰੀਵਾਲ ਦੱਸੇ ਕਿ ਉਸ ਨੇ ਦਿੱਲੀ ਵਿਖੇ ਮਹਿਲਾਵਾਂ ਨੂੰ ਇਹ ਰਾਸ਼ੀ ਕਿਉਂ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਵਜ਼ਾਰਤ ਵਿੱਚ ਇੱਕ ਵੀ ਮਹਿਲਾ ਮੰਤਰੀ ਨਹੀਂ ਹੈ। ਉਨ੍ਹਾਂ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਉੱਤੇ ਵੀ ਹਮਲੇ ਕੀਤੇ ਅਤੇ ਕਿਹਾ ਕਿ ਉਨ੍ਹਾਂ ਦਾ ਉਮੀਦਵਾਰ ਇੱਥੋਂ ਜਿੱਤ ਦਰਜ ਕਰੇਗਾ। ਇਸ ਮੌਕੇ ਉਨ੍ਹਾਂ ਬਨੂੜ ਦੇ ਮਾਈ ਬੰਨੋ ਨਾਲ ਸਬੰਧਿਤ ਇਤਿਹਾਸ ਵੀ ਸੁਣਾਇਆ। ਉਨ੍ਹਾਂ 13 ਫਰਵਰੀ ਦੀ ਪਟਿਆਲਾ ਵਿਖੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੀ ਚੋਣ ਰੈਲੀ ਵਿਖੇ ਲੋਕਾਂ ਨੂੰ ਪਹੁੰਚਣ ਦਾ ਸੱਦਾ ਵੀ ਦਿੱਤਾ।
ਇਕੱਠ ਨੂੰ ਭਾਜਪਾ ਦੇ ਕੌਮੀ ਆਗੂ ਦੁਸ਼ਯੰਤ ਗੌਤਮ, ਭਾਜਪਾ ਦੇ ਰੋਹਤਕ ਤੋਂ ਸਾਂਸਦ ਅਰਵਿੰਦ ਸ਼ਰਮਾ, ਬ੍ਰਾਹਮਣ ਸਭਾ ਦੇ ਪ੍ਰਧਾਨ ਵੀਰੇਸ਼ ਸਾਂਡਲਿਆ, ਐਸਐਮਐਸ ਸੰਧੂ, ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ, ਡਾ ਨੰਦ ਲਾਲ, ਸਵਰਾਜ ਘੁੰਮਣ ਨੇ ਵੀ ਸੰਬੋਧਨ ਕੀਤਾ। ਭਾਜਪਾ ਉਮੀਦਵਾਰ ਜਗਦੀਸ਼ ਜੱਗਾ ਨੇ ਕਾਂਗਰਸੀ ਵਿਧਾਇਕ ਉੱਤੇ ਝੂਠੇ ਪਰਚੇ ਦਰਜ ਕਰਾਉਣ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਧਮਕੀਆਂ ਦੇਣ ਦੇ ਦੋਸ਼ ਲਾਏ। ਇਸ ਮੌਕੇ ਕੈਪਟਨ ਦਾ ਸਨਮਾਨ ਵੀ ਕੀਤਾ। ਇਸ ਮੌਕੇ ਅੰਬਾਲਾ ਦੇ ਵਿਧਾਇਕ ਅਸੀਮ ਗੋਇਲ, ਕੁਰਕਸ਼ੇਤਰ ਦੇ ਵਿਧਾਇਕ ਸੋਮ ਕੁਮਾਰ, ਪ੍ਰੇਮ ਚੰਦ ਥੰਮਣ, ਅਵਤਾਰ ਸਿੰਘ ਚੀਕਾ, ਜਰਨੈਲ ਸਿੰਘ ਪਿਲਖਣੀ, ਰਿੰਕੂ ਸਲੇਮਪੁਰੀ, ਰਿੰਕੂ ਮਹਿਤਾ, ਮਪਿੰਦਰ ਕਸ਼ਯਪ, ਸੋਨੂੰ ਫਰੀਦਪੁਰ ਆਦਿ ਵੀ ਹਾਜ਼ਿਰ ਸਨ।