ਜਲੰਧਰ, ਮੀਡੀਆ ਬਿਊਰੋ:
ਸੂਬੇ ਵਿਚ ਬਣਨ ਵਾਲੀ ਨਵੀਂ ਸਰਕਾਰ ਦੇ ਸਾਹਮਣੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਤੇ ਉਨ੍ਹਾਂ ਨੂੰ ਵਿਦੇਸ਼ ਜਾਣ ਤੋਂ ਰੋਕਣਾ ਵੱਡੀ ਚੁਣੌਤੀ ਹੈ। ਹਰ ਵਰ੍ਹੇ ਪੰਜਾਬ ਤੋਂ ਡੇਢ ਲੱਖ ਨੌਜਵਾਨ ਵਿਦੇਸ਼ ਜਾ ਰਹੇ ਹਨ। ਉਨ੍ਹਾਂ ਦੇ ਨਾਲ ਨਾ-ਸਿਰਫ਼ ਪੰਜਾਬ ਦਾ ਹੁਨਰ ਬਾਹਰ ਜਾ ਰਿਹਾ ਹੈ ਸਗੋਂ ਹਰ ਵਰ੍ਹੇ ਔਸਤਨ 28 ਹਜ਼ਾਰ ਕਰੋਡ਼ ਰੁਪਏ ਵੀ ਜਾ ਰਹੇ ਹਨ। ਨੌਜਵਾਨਾਂ ਦੇ ਬ੍ਰੇਨ ਡ੍ਰੇਨ ਦੀ ਸਮੱਸਿਆ ਹੈ ਤੇ ਸਰਕਾਰ ਤੋਂ ਲੋਕਾਂ ਨੂੰ ਕੀ ਉਮੀਦਾਂ ਹਨ, ਇਸ ਬਾਰੇ ਜਾਣਨ ਲਈ ਜਾਗਰਣ ਗਰੁੱਪ ਨੇ ਸੂਬੇ ਦੀ ਨਾਮਵਰ ਯੂਨੀਵਰਸਿਟੀ ਤੇ ਕਾਲਜਾਂ ਵਿਚ ਫੇਸਬੁੱਕ ਲਾਈਵ ਕਰਵਾਇਆ। ਇਸ ਦੌਰਾਨ ਨੌਜਵਾਨਾਂ ਨੇ ਦੋ ਅਹਿਮ ਮੁੱਦਿਆਂ ’ਤੇ ਸਭ ਦਾ ਧਿਆਨ ਖਿੱਚਿਆ ਤੇ ਸਰਕਾਰ ਤੋਂ ਆਸ ਕੀਤੀ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਕਿ ਨੌਜਵਾਨਾਂ ਨੂੰ ਬਾਹਰ ਜਾਣ ਬਾਰੇ ਸੋਚਣਾ ਨਾ ਪਵੇ। ਪਹਿਲਾ ਮੁੱਦਾ ਹੈ ਰਿਜ਼ਰਵੇਸ਼ਨ ਤੇ ਦੂਜਾ ਹੈ ਸਮਾਜਕ ਸੁਰੱਖਿਆ ਤੇ ਨੌਕਰੀ ਦੀ ਸੁਰੱਖਿਆ।
ਨੌਜਵਾਨਾਂ ਦਾ ਕਹਿਣਾ ਹੈ ਕਿ ਜੋ ਕਮਜ਼ੋਰ ਹਨ, ਉਨ੍ਹਾਂ ਲਈ ਰਿਜ਼ਰਵੇਸ਼ਨ ਰੱਖੀ ਜਾਵੇ ਪਰ ਜਿਹਡ਼ੇ ਰੈਂਕਿੰਗ ਵਿਚ ਅੱਗੇ ਹਨ, ਉਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਜਦੋਂ ਘੱਟ ਨੰਬਰਾਂ ਵਾਲੇ ਕਮਜ਼ੋਰ ਉਮੀਦਵਾਰ ਅਤੇ ਬਾਅਦ ਵਿਚ ਆਉਣ ਵਾਲੇ ਉਮੀਦਵਾਰ ਕਿਸੇ ਦੀ ਜਗ੍ਹਾ ਖੋਹ ਲੈਂਦੇ ਹਨ ਤਾਂ ਨੌਜਵਾਨ ਦਾ ਦਿਲ ਟੁੱਟ ਜਾਂਦਾ ਹੈ। ਇਸ ਲਈ ਰਾਖਵਾਂਕਰਨ ਦੀਆਂ ਨੀਤੀਆਂ ਵਿਚ ਤਬਦੀਲੀ ਲਿਆਉਣੀ ਪਵੇਗੀ। ਸੂਬੇ ਵਿਚ 75 ਫ਼ੀਸਦ ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਕਰਨੀਆਂ ਪੈਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਗੁਆਂਢੀ ਸੂਬਿਆਂ ਵਿਚ ਅਜਿਹੇ ਰਾਖਵੇਂਕਰਨ ਕਰ ਕੇ ਉਥੋਂ ਨੌਜਵਾਨਾਂ ਦਾ ਪਲਾਇਨ ਬਹੁਤ ਘੱਟ ਹੈ। ਪੰਜਾਬੀ ਨੌਜਵਾਨ ਚਾਹੁੰਦੇ ਹਨ ਕਿ ਇੱਥੋਂ ਦੀ ਸਰਕਾਰ ਅਜਿਹਾ ਮਾਹੌਲ ਕਾਇਮ ਕਰੇ, ਜਿਸ ਵਿਚ ਜ਼ਿੰਦਗੀ ਦਾ ਮਿਆਰ ਹੋਵੇ ਤੇ ਉਨ੍ਹਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਹੋਵੇ। ਹਾਲੇ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਭਟਕਣਾ ਪੈਂਦਾ ਹੈ। ਹਸਪਤਾਲਾਂ ਵਿਚ ਇਲਾਜ ਲਈ ਕਈ ਕਈ ਘੰਟੇ ਬੈਠਣਾ ਪੈਂਦਾ ਹੈ। ਕਿਤੇ ਵੀ ਸੁਰੱਖਿਆ ਨਾਂ ਦੀ ਕੋਈ ਚੀਜ਼ ਨਹੀਂ ਹੈ। ਮਾਪਿਆਂ ਨੂੰ ਫ਼ਿਕਰ ਵੱਢ-ਵੱਢ ਖਾਂਦਾ ਹੈ ਕਿ ਕਿਤੇ ਬੱਚੇ ਵਿਗਡ਼ ਨਾ ਜਾਣ। ਕਿਤੇ ਉਹ ਨਸ਼ੇ ਨਾ ਕਰਨ ਲੱਗ ਪੈਣ। ਇਸ ਸਿਸਟਮ ਤੋਂ ਨਿਰਾਸ਼ ਹੋ ਕੇ ਨੌਜਵਾਨ ਬਾਹਰ ਜਾਣ ਦਾ ਰਾਹ ਵੇਖਦੇ ਹਨ। ਇਸ ਸਿਸਟਮ ਦੀ ਚੂਲ ਬਦਲ ਕੇ ਸਰਕਾਰ ਇਸ ਨੂੰ ਦਰੁਸਤ ਕਰੇ, ਵਰਨਾ ਆਪਣਾ ਘਰ ਛੱਡ ਕੇ ਕੌਣ ਕਿਤੇ ਹੋਰ ਜਾਣਾ ਚਾਹੇਗਾ।
ਜਾਤ ਅਧਾਰਤ ਰਿਜ਼ਰਵੇਸ਼ਨ ਸੀਮਤ ਹੋਵੇ
ਇੱਥੇ ਛੋਟੀ ਨੌਕਰੀ ਕਰਨ ਵਾਲਿਆਂ ਨੂੰ ਇੱਜ਼ਤ ਤੇ ਆਮਦਨ ਦੋਵੇਂ ਘੱਟ ਦਿੱਤੀਆਂ ਜਾਂਦੀਆਂ ਹਨ। ਵਿਦੇਸ਼ ਵਿਚ ਜਾਣ ’ਤੇ ਕੰਮ ਭਾਵੇਂ ਛੋਟਾ ਹੋਵੇ, ਤਨਖ਼ਾਹ ਭਾਵੇਂ ਘੱਟ ਹੋਵੇ ਪਰ ਇੰਨਾ ਤੈਅ ਹੁੰਦਾ ਹੈ ਕਿ ਇੱਜ਼ਤ ਪੂਰੀ ਮਿਲਦੀ ਹੈ। ਸਰਕਾਰ ਨੂੰ ਘੱਟੋ ਘੱਟ ਦੇਣਯੋਗਤਾ ਤੈਅ ਕਰਨੀ ਚਾਹੀਦੀ ਹੈ। ਜ਼ਾਤ ਦੇ ਨਾਂ ’ਤੇ ਰਿਜ਼ਰਵੇਸ਼ਨ ਸਿਸਮਟ ਖ਼ਤਮ ਕੀਤਾ ਜਾਣਾ ਚਾਹੀਦਾ ਹੈ।
– ਰਾਜ ਰੌਸ਼ਨ ਰਾਏ, ਸਮ੍ਰਿਤ ਸਿੰਘ ਕਾਲਡ਼ਾ, ਸਾਕੇਤ ਪਾਂਡੇ, ਬੀਟੈੱਕ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ।
ਉੱਚ ਸਿੱਖਿਆ ਦੇ ਮੌਕੇ ਹਨ ਘੱਟ
ਦੇਸ਼ ਵਿਚ ਉੱਚ ਸਿੱਖਿਆ ਦੇ ਮੌਕੇ ਨਹੀਂ ਮਿਲ ਰਹੇ। ਇਸੇ ਕਰ ਕੇ ਮਜਬੂਰੀਵੱਸ ਦੇਸ਼ ਛੱਡਣਾ ਪੈ ਰਿਹਾ ਹੈ। ਜੇ ਕੇਂਦਰ ਤੇ ਸੂਬਾ ਸਰਕਾਰਾਂ ਨੌਜਵਾਨਾਂ ਲਈ ਵਤਨ ਵਿਚ ਹੀ ਜ਼ਰੂਰਤਾਂ ਪੂਰੀਆਂ ਕਰਨ ਤਾਂ ਕਿਸੇ ਨੂੰ ਵੀ ਵਿਦੇਸ਼ ਜਾਣ ਦੀ ਲੋਡ਼ ਨਹੀਂ ਪਵੇਗੀ।
– ਖ਼ੁਸ਼ੀ ਭਗਤ, ਵਿਦਿਆਰਥਣ, ਖ਼ਾਲਸਾ ਕਾਲਜ, ਅੰਮ੍ਰਿਤਸਰ।
ਨੌਕਰੀ ਨਹੀਂ ਹੁੰਦੀ ਸੁਰੱਖਿਅਤ
ਦੇਸ਼ ਵਿਚ ਪਡ਼੍ਹਾਈ ਮੁਤਾਬਕ ਜੱਦੋਜਹਿਦ ਮਗਰੋਂ ਨੌਕਰੀ ਤਾਂ ਮਿਲ ਜਾਂਦੀ ਹੈ ਪਰ ਨੌਕਰੀ ਦੀ ਸੁਰੱਖਿਆ ਨਹੀਂ ਹੁੰਦੀ ਹੈ। ਜੇ ਜਾਬ ਸਕਿਓਰਟੀ ਮਿਲ ਸਕੇ ਤਾਂ ਨੌਜਵਾਨ ਕਦੇ ਵੀ ਵਿਦੇਸ਼ਾਂ ਵੱਲ ਮੂੰਹ ਨਹੀਂ ਕਰਨਗੇ। ਨੌਕਰੀ ਦੇ ਨਾਲ-ਨਾਲ ਮਾਹੌਲ ਵੀ ਚੰਗਾ ਹੋ ਜਾਵੇ ਤਾਂ ਵਿਦੇਸ਼ ਜਾਣ ਦੀ ਜ਼ਰੂਰਤ ਨਹੀਂ ਪਵੇਗੀ।
– ਅਨਿਕੇਤ ਗਿੱਲ, ਵਿਦਿਆਰਥੀ।