
8 ਵਿਦਿਆਰਥਣਾਂ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼
ਮੋਹਾਲੀ (ਪੰਜਾਬੀ ਮੀਡੀਆ ਬਿਊਰੋ) : ਮੋਹਾਲੀ ਵਿਖੇ ਚੰਡੀਗੜ੍ਹ ਯੂਨੀਵਰਸਿਟੀ ‘ਚ ਸ਼ਨੀਵਾਰ ਅੱਧੀ ਰਾਤ ਨੂੰ ਹੰਗਾਮਾ ਹੋ ਗਿਆ। ਇੱਥੇ ਪੜ੍ਹਦੀ ਇੱਕ ਵਿਦਿਆਰਥਣ ਨੇ 60 ਦੇ ਕਰੀਬ ਵਿਦਿਆਰਥਣਾਂ ਦੀ ਨਹਾਉਂਦੇ ਹੋਏ ਵੀਡੀਓ ਵਾਇਰਲ ਕਰ ਦਿੱਤੀ। ਉਸ ਨੇ ਇਹ ਵੀਡੀਓ ਸ਼ਿਮਲਾ ‘ਚ ਰਹਿੰਦੇ ਆਪਣੇ ਦੋਸਤ ਨੂੰ ਭੇਜੀ, ਜਿਸ ਨੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਇਸ ਗੱਲ ਦਾ ਪਤਾ ਲੱਗਣ ‘ਤੇ 8 ਵਿਦਿਆਰਥਣਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।

ਰਾਤ ਕਰੀਬ 2.30 ਵਜੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਉੱਥੇ ਪਹੁੰਚ ਗਈ। ਹਾਲਾਂਕਿ ਗੁੱਸੇ ‘ਚ ਆਈਆਂ ਵਿਦਿਆਰਥਣਾਂ ਪੁਲਸ ‘ਤੇ ਵੀ ਭੜਕ ਗਈਆਂ। ਉਨ੍ਹਾਂ ਪੁਲਿਸ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਦੀਆਂ ਗੱਡੀਆਂ ਵੀ ਭੰਨੀਆਂ। ਪੁਲਿਸ ਨੇ ਵੀਡੀਓ ਅੱਗੇ ਭੇਜਣ ਵਾਲੀ ਵਿਦਿਆਰਥਣ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਵੇਲੇ ਕੈਂਪਸ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਜਿਨ੍ਹਾਂ ਕੁੜੀਆਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੇ ਆਪਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵੇਖ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਸਾਰੀਆਂ 8 ਵਿਦਿਆਰਥਣਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਸਾਰੇ ਪਰਿਵਾਰਾਂ ਨੂੰ ਉੱਥੇ ਬੁਲਾ ਲਿਆ ਹੈ।
ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਕੁੜੀ ਕਾਫੀ ਸਮੇਂ ਤੋਂ ਵਿਦਿਆਰਥਣਾਂ ਦੀ ਵੀਡੀਓ ਬਣਾ ਰਹੀ ਸੀ, ਜਿਸ ਨੂੰ ਉਹ ਸ਼ਿਮਲਾ ‘ਚ ਆਪਣੇ ਦੋਸਤ ਨੂੰ ਭੇਜ ਰਹੀ ਸੀ। ਉਸ ਦੋਸਤ ਨੇ ਹੁਣ ਇਹ ਵੀਡੀਓ ਵਾਇਰਲ ਕਰ ਦਿੱਤੀ ਹੈ। ਇਹ ਪਤਾ ਲੱਗਦਿਆਂ ਹੀ ਕੁੜੀਆਂ ਦਾ ਗੁੱਸਾ ਭੜਕ ਗਿਆ।