ਚੰਡੀਗੜ੍ਹ ਦੇ ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਨੇ ਜਿੱਤੇ ਸੋਨ ਅਤੇ ਕਾਂਸੀ ਦੇ ਤਗਮੇ

ਚੰਡੀਗੜ੍ਹ, ਮੀਡੀਆ ਬਿਊਰੋ:

ਸਪੇਨ ‘ਚ ਹੋਈ ਪੈਰਾ ਇੰਟਰਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ-2022 ‘ਚ ਪੰਜਾਬ ਦੇ ਅਬੋਹਰ ਦੇ ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਨੇ ਦੋ ਕਾਂਸੇ ਦੇ ਤਗਮੇ ਜਿੱਤ ਕੇ ਪੂਰੀ ਦੁਨੀਆ ‘ਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਇਹ ਟੂਰਨਾਮੈਂਟ 1 ਤੋਂ 6 ਮਾਰਚ ਤੱਕ ਕਰਵਾਇਆ ਗਿਆ ਸੀ। ਸਪੇਨ ਦੇ ਵਿਟੋਰੀਆ ਗਾਸਟੀਜ਼ ‘ਚ ਬੈਡਮਿੰਟਨ ਵਿਸ਼ਵ ਫੈਡਰੇਸ਼ਨ ਵੱਲੋਂ ਕਰਵਾਈ ਗਈ ਇਸ ਚੈਂਪੀਅਨਸ਼ਿਪ ‘ਚ ਸੰਜੀਵ ਨੇ ਭਾਰਤ ਲਈ ਖੇਡਦੇ ਹੋਏ ਪੁਰਸ਼ ਸਿੰਗਲਜ਼ ਤੇ ਮਿਕਸਡ ਡਬਲਜ਼ ਵ੍ਹੀਲਚੇਅਰ ਵਰਗ ‘ਚ ਹਿੱਸਾ ਲਿਆ। ਮਿਕਸਡ ਡਬਲਜ਼ ‘ਚ ਸੰਜੀਵ ਨੇ ਆਪਣੀ ਜੋੜੀਦਾਰ ਰੂਸ ਦੀ ਨਤਾਲੀਆ ਨਾਲ ਮਿਲ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਸੰਜੀਵ ਪਹਿਲਾਂ ਚੰਡੀਗੜ੍ਹ ‘ਚ ਬੈਡਮਿੰਟਨ ਕੋਚ ਸੁਰਿੰਦਰ ਮਹਾਜਨ ਤੋਂ ਕੋਚਿੰਗ ਲੈਂਦਾ ਸੀ। ਅੱਜ ਕੱਲ੍ਹ ਸੰਜੀਵ ਗੋਪੀਚੰਦ ਬੈਡਮਿੰਟਨ ਅਕੈਡਮੀ, ਹੈਦਰਾਬਾਦ ‘ਚ ਸਿਖਲਾਈ ਲੈ ਰਿਹਾ ਹੈ। ਸੰਜੀਵ ਨੇ ਕਿਹਾ ਕਿ ਫਿਲਹਾਲ ਉਸਦਾ ਪੂਰਾ ਧਿਆਨ ਆਉਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ੀਆਈ ਖੇਡਾਂ ‘ਤੇ ਹੈ।

ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਇਸ ਸਮੇਂ ਭਾਰਤ ਦਾ ਨੰਬਰ ਇਕ ਪੈਰਾ ਬੈਡਮਿੰਟਨ ਖਿਡਾਰੀ ਹੈ। ਉਹ ਏਸ਼ੀਆ ‘ਚ 10ਵੇਂ ਤੇ ਵਿਸ਼ਵ ‘ਚ 19ਵੇਂ ਨੰਬਰ ’ਤੇ ਹੈ। ਸੰਜੀਵ ਕੁਮਾਰ ਪਿਛਲੇ 14 ਸਾਲਾਂ ਤੋਂ ਪੈਰਾ ਬੈਡਮਿੰਟਨ ‘ਚ ਭਾਰਤੀ ਪੈਰਾ ਬੈਡਮਿੰਟਨ ਟੀਮ ਦਾ ਹਿੱਸਾ ਹੈ ਤੇ ਉਹ ਲਗਾਤਾਰ ਦੇਸ਼ ਲਈ ਪੈਰਾ ਬੈਡਮਿੰਟਨ ਖੇਡਦੇ ਹੋਏ ਤਗਮੇ ਜਿੱਤਦਾ ਆ ਰਿਹਾ ਹੈ। ਸੰਜੀਵ ਨੇ ਹੁਣ ਤੱਕ ਰਾਸ਼ਟਰੀ ਪੱਧਰ ‘ਤੇ 18 ਸੋਨ, ਛੇ ਚਾਂਦੀ ਅਤੇ ਪੰਜ ਕਾਂਸੇ ਦੇ ਤਗਮੇ ਜਿੱਤੇ ਹਨ। ਅੰਤਰਰਾਸ਼ਟਰੀ ਪੱਧਰ ਦੀ ਗੱਲ ਕਰੀਏ ਤਾਂ ਸੰਜੀਵ ਨੇ ਪੰਜ ਸੋਨ, ਦੋ ਚਾਂਦੀ ਦੇ ਤੇ ਸੱਤ ਕਾਂਸੇ ਦੇ ਤਗਮੇ ਜਿੱਤੇ ਹਨ। ਸੰਜੀਵ ਕੁਮਾਰ, ਇੱਕ ਪੈਰਾ ਬੈਡਮਿੰਟਨ ਖਿਡਾਰੀ, ਜੋ ਕਿ ਮੂਲ ਰੂਪ ‘ਚ ਪੰਜਾਬ ਦੇ ਅਬੋਹਰ ਦੇ ਪਿੰਡ ਢਾਣੀ ਤੇਲੂਪੁਰਾ ਦਾ ਰਹਿਣ ਵਾਲਾ ਹੈ, ਨੂੰ ਪੰਜਾਬ ਸਰਕਾਰ ਵੱਲੋਂ ਸਾਲ 2019 ‘ਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਪੰਜਾਬ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ 2009 ‘ਚ ਸਟੇਟ ਐਵਾਰਡ ਮਿਲਿਆ।

ਸੰਜੀਵ ਦੀਆਂ ਪ੍ਰਾਪਤੀਆਂ

-ਸਾਲ 2019 ਤੀਸਰੀ ਯੁਗਾਂਡਾ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਦੇ WH2 ਵਰਗ ‘ਚ ਖੇਡਦੇ ਹੋਏ, ਸਿੰਗਲ ਵਰਗ ‘ਚ ਸੋਨ ਤਗਮਾ ਤੇ ਮਿਕਸਡ ਡਬਲਜ਼ ‘ਚ ਕਾਂਸੇ ਦਾ ਤਗਮਾ ਜਿੱਤਿਆ।

-ਸਾਲ 2018 ਯੂਗਾਂਡਾ ਅੰਤਰਰਾਸ਼ਟਰੀ ਪੈਰਾ ਬੈਡਮਿੰਟਨ ਖੇਡਾਂ ‘ਚ ਸੋਨ ਤੇ ਕਾਂਸੇ ਦਾ ਤਗਮਾ ਜਿੱਤਿਆ।

-2017 ਯੂਗਾਂਡਾ ਅੰਤਰਰਾਸ਼ਟਰੀ ਪੈਰਾ ਬੈਡਮਿੰਟਨ ਖੇਡਾਂ ‘ਚ ਗੋਲਡ ਮੈਡਲ ਜਿੱਤਿਆ।

-2013 ‘ਚ ਜਰਮਨੀ ‘ਚ ਹੋਈ ਵਿਸ਼ਵ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਗਮਾ ਜਿੱਤਿਆ।

-2013 ਫ੍ਰੈਂਚ ਓਪਨ ਪੈਰਾ ਬੈਡਮਿੰਟਨ ਟੂਰਨਾਮੈਂਟ ‘ਚ ਕਾਂਸੀ ਦਾ ਤਗਮਾ ਜਿੱਤਿਆ।

-2009 ਦੀਆਂ ਵਿਸ਼ਵ ਪੈਰਾ ਖੇਡਾਂ ‘ਚ ਸਿਲਵਰ ਮੈਡਲ ਜਿੱਤਿਆ।

-2010 ਇਜ਼ਰਾਈਲ ਓਪਨ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗਮਾ ਜਿੱਤਿਆ।

Share This :

Leave a Reply