ਚੰਡੀਗੜ੍ਹ, ਮੀਡੀਆ ਬਿਊਰੋ:
ਅਪ੍ਰੈਲ ਸ਼ੁਰੂ ਹੋ ਗਿਆ ਹੈ, ਅਜਿਹੇ ‘ਚ ਹੁਣ ਕੜਾਕੇ ਦੀ ਗਰਮੀ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਗਰਮ ਹਵਾਵਾਂ ਨਾਲ ਦਿਨ ਦਾ ਤਾਪਮਾਨ 40 ਡਿਗਰੀ ਤਕ ਜਾ ਸਕਦਾ ਹੈ। ਚੰਡੀਗੜ੍ਹ ‘ਚ ਤਾਪਮਾਨ 37 ਡਿਗਰੀ ਤਕ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਸਾਲ ਮਾਰਚ ‘ਚ ਸ਼ਹਿਰ ‘ਚ ਇੱਕ ਬੂੰਦ ਵੀ ਮੀਂਹ ਨਹੀਂ ਪਿਆ। ਪੁੰਜ ਵਿਭਾਗ ਅਨੁਸਾਰ ਸਾਲ 2013 ਤੋਂ 2022 ਤੱਕ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਚੰਡੀਗੜ੍ਹ ‘ਚ ਮਾਰਚ ਮਹੀਨੇ ‘ਚ ਕੋਈ ਬਾਰਿਸ਼ ਨਹੀਂ ਹੋਈ। ਹਾਲਾਂਕਿ, ਪੱਛਮੀ ਗੜਬੜੀ ਮਾਰਚ ‘ਚ ਛੇ ਵਾਰ ਤੋਂ ਵੱਧ ਸਰਗਰਮ ਸੀ, ਜਿਸਦਾ ਪ੍ਰਭਾਵ ਸਿਰਫ ਉਪਰਲੇ ਖੇਤਰਾਂ ਤਕ ਸੀ। ਪਿਛਲੇ ਦਸ ਸਾਲਾਂ ‘ਚ ਮਾਰਚ ਮਹੀਨੇ ‘ਚ 2015 ‘ਚ ਸਭ ਤੋਂ ਵੱਧ ਬਾਰਿਸ਼ ਹੋਈ ਸੀ। 2015 ‘ਚ ਮਾਰਚ ‘ਚ 119.9 ਮਿਲੀਮੀਟਰ ਮੀਂਹ ਪਿਆ ਸੀ।
ਇਸ ਵਾਰ ਮੀਂਹ ਨਾ ਪੈਣ ਕਾਰਨ ਮਾਰਚ ‘ਚ ਹੀ ਚੰਡੀਗੜ੍ਹ ਸਮੇਤ ਪੰਚਕੂਲਾ ਤੇ ਮੁਹਾਲੀ ‘ਚ ਗਰਮੀ ਨੇ ਦਸਤਕ ਦੇ ਦਿੱਤੀ ਸੀ।ਅਪਰੈਲ ਦੇ ਪਹਿਲੇ ਦਿਨ ਵੀ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ ਸੀ। ਵਿਭਾਗ ਦੇ ਅੰਕੜਿਆਂ ਅਨੁਸਾਰ ਅਪ੍ਰੈਲ 2017 ‘ਚ ਸਭ ਤੋਂ ਵੱਧ ਤਾਪਮਾਨ 41.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦੋਂ ਕਿ ਸਾਲ 2010 ‘ਚ ਇਹ ਤਾਪਮਾਨ 43.2 ਡਿਗਰੀ ਸੀ। ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੇ ਘੱਟੋ-ਘੱਟ ਤਾਪਮਾਨ 20.6 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੱਜ ਸਵੇਰੇ 8 ਵਜੇ ਸ਼ਹਿਰ ਦਾ ਤਾਪਮਾਨ 23 ਡਿਗਰੀ ਤਕ ਪਹੁੰਚ ਗਿਆ ਹੈ।
ਸਭ ਤੋਂ ਵੱਧ ਸੀ ਘੱਟੋ-ਘੱਟ ਤਾਪਮਾਨ
ਸ਼ੁੱਕਰਵਾਰ ਨੂੰ ਸ਼ਹਿਰ ਦਾ ਪਿਛਲੇ ਦਸ ਸਾਲਾਂ ਦਾ ਸਭ ਤੋਂ ਵੱਧ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ। ਵਿਭਾਗ ਦੇ ਅੰਕੜਿਆਂ ਅਨੁਸਾਰ ਹੁਣ ਤਕ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 16.7 ਡਿਗਰੀ ਸੀ ਪਰ ਸ਼ੁੱਕਰਵਾਰ ਨੂੰ ਇਹ ਰਿਕਾਰਡ ਵੀ ਟੁੱਟ ਗਿਆ ਹੈ।ਸ਼ਹਿਰ ਦੇ ਤਾਪਮਾਨ ‘ਚ ਦੋ-ਤਿੰਨ ਡਿਗਰੀ ਦਾ ਵਾਧਾ ਹੋਵੇਗਾ।