ਚੰਡੀਗੜ੍ਹ ਚੋਅ ਦੇ ਗੰਦੇ ਪਾਣੀ ਦਾ ਮਾਮਲਾ ਨੈਸ਼ਨਲ ਗਰੀਨ ਟ੍ਰਿਬਿਊਨਲ ਕੋਲ ਪਹੁੰਚਿਆ, ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸਾਸ਼ਨ ਨੂੰ ਨੋਟਿਸ ਜਾਰੀ

ਚੰਡੀਗੜ੍ਹ (ਮੀਡੀਆ ਬਿਊਰੋ):- ਚੰਡੀਗੜ੍ਹ ਅਤੇ ਮੁਹਾਲੀ ਤੋਂ ਬਨੂੜ ਖੇਤਰ ਨੂੰ ਹੋਕੇ ਘੱਗਰ ਦਰਿਆ ਵਿੱਚ ਮਿਲਦੇ ਚੰਡੀਗੜ੍ਹ ਚੋਅ ਵਿੱਚ ਬਿਨ੍ਹਾਂ ਟਰੀਟਮੈਂਟ ਕੀਤਾ ਗੰਦਾ ਅਤੇ ਸੀਵਰੇਜ ਦਾ ਪਾਣੀ ਸੁੱਟੇ ਜਾਣ ਦਾ ਮਾਮਲਾ ਨੈਸ਼ਨਲ ਗਰੀਨ ਟ੍ਰਿਬਿਊਨਲ ਕੋਲ ਪਹੁੰਚ ਗਿਆ। ਬਨੂੜ ਦੀ ਸਮਾਜਿਕ ਕਾਰਕੁਨ ਅਤੇ ਵਕੀਲ ਸੁਨੈਣਾ ਥੰਮਣ ਵੱਲੋਂ ਇਸ ਸਬੰਧੀ ਅਖ਼ਬਾਰੀ ਰਿਪੋਰਟਾਂ ਨੂੰ ਆਧਾਰ ਬਣਾਕੇ ਐੱਨਜੀਟੀ ਕੋਲ ਪਟੀਸ਼ਨ ਦਾਇਰ ਕੀਤੀ ਗਈ ਹੈ। ਐੱਨਜੀਟੀ ਦੇ ਜਸਟਿਸ ਆਦਰਸ਼ ਕੁਮਾਰ ਨੇ ਵੀਡੀਓ ਕਾਨਫਰਿੰਸਗ ਰਾਹੀਂ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਚੋਅ ਵਿੱਚ ਗੰਦੇ ਪਾਣੀ ਦੇ ਵਹਾਅ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਨੋਟਿਸ ਜਾਰੀ ਕਰਦਿਆਂ ਅਗਲੇ ਦੋ ਮਹੀਨਿਆਂ ਦੇ ਅੰਦਰ ਸਟੇਟਸ ਰਿਪੋਰਟ ਦਾਖਿਲ ਕਰਨ ਦੇ ਨਿਰਦੇਸ਼ ਦਿੱਤੇ ਹਨ।

ਜਸਟਿਸ ਕੁਮਾਰ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਾਂਝੀ ਟੀਮ ਬਣਾਕੇ ਇਸ ਡਰੇਨ ਦਾ ਮੁਆਇਨਾ ਕਰਨ ਲਈ ਵੀ ਕਿਹਾ ਹੈ। ਐਨਜੀਟੀ ਨੇ ਮਾਮਲੇ ਦੀ ਅਗਲੀ ਸੁਣਵਾਈ 22-9-2021 ਨੂੰ ਤੈਅ ਕੀਤੀ ਹੈ।

ਐਡਵੋਕੇਟ ਸੁਨੈਣਾ ਥੰਮਣ ਨੇ ਅੱਜ ਬਨੂੜ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਐੱਨਜੀਟੀ ਦੇ ਉਕਤ ਫੈਸਲੇ ਤੋਂ ਜਾਣੂ ਕਰਾਇਆ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਤੋਂ ਮੁਹਾਲੀ ਤਹਿਸੀਲ ਦੇ ਪਿੰਡਾਂ ਨੂੰ ਹੋਕੇ ਬਨੂੜ ਖੇਤਰ ਵਿੱਚ ਨੂੰ ਲੰਘਦੀ ਇਹ ਚੋਅ ਘੱਗਰ ਦਰਿਆ ਵਿੱਚ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਖ਼ਬਾਰੀ ਰਿਪੋਰਟਾਂ ਅਨੁਸਾਰ ਇਸ ਚੋਏ ਵਿੱਚ ਵੱਖ-ਵੱਖ ਥਾਵਾਂ ਉੱਤੇ ਸੀਵਰੇਜ ਦਾ, ਫ਼ੈਕਟਰੀਆਂ ਦਾ, ਦੁਕਾਨਾਂ ਦਾ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ, ਜਿਸ ਕਰਕੇ ਇਸ ਪਾਣੀ ਵਿੱਚੋਂ ਬਦਬੂ ਆਉਂਦੀ ਹੈ ਤੇ ਇਸਦੀ ਖੇਤੀ ਲਈ ਹੁੰਦੀ ਵਰਤੋਂ ਹਾਨੀਕਾਰਕ ਹੈ।

Share This :

Leave a Reply