ਕੇਂਦਰ ਸਰਕਾਰ ਜਬਰ ਦਾ ਰਾਜ ਸਥਾਪਤ ਕਰਨ ਵੱਲ ਤੁਰੀ : ਕਾਮਰੇਡ ਖਟਕੜ

ਗੁਰਦਾਸਪੁਰ (ਮੀਡੀਆ ਬਿਊਰੋ): ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਕਾਮਰੇਡ ਅਮਰੀਕ ਸਿੰਘ ਪਨਿਆੜ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਿਆਸੀ ਕਾਨਫਰੰਸ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਰਮੇਸ਼ ਰਾਣਾ, ਕਾਮਰੇਡ ਸਤਿਬੀਰ ਸਿੰਘ ਸੁਲਤਾਨੀ, ਕਾਮਰੇਡ ਪਰਮਜੀਤ ਸਿੰਘ ਰਤਨਗੜ੍ਹ, ਕਾਮਰੇਡ ਤਰਲੋਕ ਸਿੰਘ ਬਹਿਰਾਮਪੁਰ ਹਾਜ਼ਰ ਹੋਏ। ਪਾਰਟੀ ਦੇ ਸੂਬਾਈ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ, ਕਾਮਰੇਡ ਅਜਮੇਰ ਸਿੰਘ ਸਮਰਾ, ਸ਼ਹੀਦ ਕਾਮਰੇਡ ਅਮਰੀਕ ਦੀ ਪਤਨੀ ਸੁਰਿੰਦਰ ਕੌਰ ਅਤੇ ਇਲਾਕੇ ਭਰ ਵਿੱਚੋਂ ਆਏ ਪਾਰਟੀ ਕਾਰਕੁੰਨਾਂ ਨੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਤੇ ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆੜ ਨੂੰ ਸ਼ਰਧਾਂਜਲੀ ਦਿੱਤੀ। ਸੀਨੀਅਰ ਆਗੂ ਕਾਮਰੇਡ ਰਾਜ ਕੁਮਾਰ ਪੰਡੋਰੀ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।

ਸੰਬੋਧਨ ਕਰਦਿਆਂ ਸੂਬਾਈ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਗੀਰਦਾਰੀ ਨੂੰ ਨਾ ਸਿਰਫ ਖਤਮ ਕੀਤਾ ਸਗੋਂ ਪਿੰਡ ਪੱਧਰੀ ਸੱਤਾ ਨੂੰ ਆਮ ਕਿਸਾਨਾਂ ਮਜ਼ਦੂਰਾਂ ਨੂੰ ਸੌਂਪਿਆ। ਇਸ ਜ਼ੁਲਮ ਵਿਰੁੱਧ ਲੜਨ ਦੀ ਵਿਚਾਰਧਾਰਾ ਨੂੰ ਅੱਗੇ ਤੋਰਦਿਆਂ ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆੜ ਨੇ ਸਰਕਾਰੀ ਜ਼ੁਲਮ ਤੇ ਖਾਲਿਸਤਾਨੀ ਦਹਿਸ਼ਤਗਰਦੀ ਖਿਲਾਫ ਲੋਕ ਆਵਾਜ਼ ਬੁਲੰਦ ਕੀਤੀ ਤੇ ਸ਼ਹੀਦ ਹੋ ਗਏ।

ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਮੋਦੀ ਹਕੂਮਤ ਇੱਕ ਵਾਰ ਫਿਰ ਜਬਰ ਦਾ ਰਾਜ ਸਥਾਪਤ ਕਰਨ ਵੱਲ ਤੁਰੀ ਹੋਈ ਹੈ। ਕੋਰੋਨਾ ਦੀਆਂ ਪਾਬੰਦੀਆਂ ਲਾ ਕੇ ਲੋਕਾਂ ਨੂੰ ਘਰਾਂ ‘ਚ ਬੰਦ ਕੀਤਾ ਗਿਆ ਤੇ ਕਾਰਪੋਰੇਟ ਦੀ ਸੇਵਾ ਕਰਨ ਲਈ ਕਾਰਪੋਰੇਟ ਪੱਖੀ ਕਾਨੂੰਨ ਬਣਾਏ ਅਤੇ ਹੋਰਨਾਂ ਕਾਨੂੰਨਾਂ ਵਿੱਚ ਸੋਧਾਂ ਕੀਤੀਆਂ ਗਈਆਂ। ਦੂਸਰੇ ਪਾਸੇ ਆਰ.ਐੱਸ.ਐੱਸ ਦੇ ਏਜੰਡੇ ਨੂੰ ਲਾਗੂ ਕਰਦਿਆਂ ਇਤਿਹਾਸ ਨੂੰ ਪਿੱਛਲ-ਮੋੜਾ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੋਰੋਨਾ ਭਜਾਉਣ ਦੇ ਨਾਂ ‘ਤੇ ਗੈਰ-ਵਿਗਿਆਨਕ ਤਰੀਕਿਆਂ ਦੀ ਵਕਾਲਤ ਕੀਤੀ ਜਾ ਰਹੀ ਹੈ। ਜੇ ਕੋਈ ਇਸ ਖਿਲਾਫ ਆਵਾਜ਼ ਬੁਲੰਦ ਕਰਦਾ ਹੈ ਤਾਂ ਉਸ ‘ਤੇ ਜਬਰ ਕੀਤਾ ਜਾਂਦਾ ਹੈ। ਮੋਦੀ ਹਕੂਮਤ ਦਾ ਦੌਰ ਫਾਸ਼ੀਵਾਦ ਦੀ ਸਥਾਪਤੀ ਵੱਲ ਨੂੰ ਕਦਮ ਹੈ, ਇਸ ਫਾਸ਼ੀਵਾਦ ਨੂੰ ਲੋਕ ਏਕਤਾ ਨਾਲ ਹੀ ਹਰਾਇਆ ਜਾ ਸਕਦਾ ਹੈ।

ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਸਮਰਾ ਨੇ ਕਿਹਾ ਕਿ ਫਾਸ਼ੀਵਾਦ ਦਾ ਇਹ ਰੱਥ ਜਦ ਪੂਰੇ ਦੇਸ਼ ਵਿੱਚ ਜਬਰ ਜ਼ੁਲਮ ਦੀ ਹਨੇਰੀ ਝੁਲਾ ਰਿਹਾ ਸੀ ਤਦ ਪੰਜਾਬ ਦੇ ਕਿਸਾਨਾਂ ਦੀ ਅਗਵਾਈ ਵਿੱਚ ਹਰਿਆਣਾ ਸਮੇਤ ਪੂਰੇ ਦੇਸ਼ ਦੇ ਲੋਕਾਂ ਨੇ ਇਸ ਖਿਲਾਫ ਸੰਘਰਸ਼ ਦੀ ਸ਼ੁਰੂਆਤ ਦਿੱਲੀ ਨੂੰ ਘੇਰਾ ਪਾ ਕੇ ਕੀਤੀ ਹੈ। ਅੱਜ ਸੰਯੁਕਤ ਕਿਸਾਨ ਮੋਰਚਾ ਮੋਦੀ ਦੇ ਫਾਸ਼ੀਵਾਦ ਨੂੰ ਟੱਕਰ ਦੇਣ ਲਈ ਯਤਨਸ਼ੀਲ ਹੈ। ਨਾਗਰਿਕਤਾ ਸੋਧ ਕਾਨੂੰਨ ਪਾਸ ਕਰਨ, ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰਕੇ ਜੰਮੂ ਤੇ ਕਸ਼ਮੀਰ ਦੇ ਟੋਟੇ ਕਰਨ, ਬਾਬਰੀ ਮਸਜਿਦ ਦੇ ਫੈਸਲੇ ਨੂੰ ਆਪਣੇ ਪੱਖ ਵਿੱਚ ਭੁਗਤਾਉਣ ਆਦਿ ਦੀਆਂ ਕਾਰਵਾਈਆਂ ਤੋਂ ਬਾਅਦ ਮੋਦੀ ਸਰਕਾਰ ਕਾਬੂ ਤੋਂ ਬਾਹਰ ਹੋ ਹਿੰਦੁਤਵੀ ਫਾਸ਼ੀਵਾਦੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਬਣਾਉਣ ਲਈ ਤਰਲੋਮੱਛੀ ਹੋ ਰਹੀ ਸੀ ਤੇ ਦੇਸ਼ ਵਿੱਚ ਬਿਨਾਂ ਕਿਸੇ ਵਿਰੋਧੀ ਧਿਰ ਦੇ ਆਪਣਾ ਏਜੰਡਾ ਲਾਗੂ ਕਰ ਰਹੀ ਸੀ ਪਰ ਕਿਸਾਨੀ ਅੰਦੋਲਨ ਨੇ ਇਸ ਨੂੰ ਠੱਲ੍ਹ ਪਾਈ ਹੈ।

ਕਾਮਰੇਡ ਰਮੇਸ਼ ਰਾਣਾ ਨੇ ਧੰਨਵਾਦ ਕਰਦਿਆਂ ਇੱਕਤਰ ਲੋਕਾਂ ਨੂੰ ਹਕੂਮਤਾਂ ਦੀਆਂ ਚਾਲਾਂ ਖਿਲਾਫ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਢਾਡੀ ਕਵੀਸ਼ਰੀ ਜਥਾ ਸੁਖਰਾਜ ਸਿੰਘ ਰਾਜਾ ਮੁਸਫਾਬਾਦ ਸੈਦਾਂ ਤੇ ਸਾਥੀਆਂ ਨੇ ਹਾਜ਼ਰ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਮਿਸਾਲ ਦਾਸਤਾਨ ਕਵੀਸ਼ਰੀਆਂ ਰਾਹੀਂ ਸੁਣਾਈ ਅਤੇ ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆੜ ਦੇ ਪੋਤਰੇ ਰਾਜਵੀਰ ਸਿੰਘ ਪਨਿਆੜ ਨੇ ਆਪਣੀ ਕਵਿਤਾ ਪੇਸ਼ ਕੀਤੀ।

Share This :

Leave a Reply