ਲੁਧਿਆਣਾ ‘ਚ ਸ਼ੋਅਰੂਮ ‘ਚੋਂ 10 LED ਤੇ ਨਕਦੀ ਲੁੱਟੀ

ਲੁਧਿਆਣਾ, ਮੀਡੀਆ ਬਿਊਰੋ:

ਤਿੰਨ ਬਦਮਾਸ਼ਾਂ ਨੇ ਬੰਦ ਪਏ ਸ਼ੋਅਰੂਮ ਦਾ ਸ਼ਟਰ ਤੋੜ ਕੇ ਅੰਦਰੋਂ 10 ਐੱਲਈਡੀ ਅਤੇ 70 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਤਕਰੀਬਨ ਦੋ ਘੰਟੇ ਵਿਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਪ੍ਰੀਤਨਗਰ ਮਾਡਲ ਟਾਊਨ ਦੇ ਰਹਿਣ ਵਾਲੇ ਸ਼ੋਅਰੂਮ ਦੇ ਮਾਲਕ ਗੁਰਸੇਵਕ ਦੇ ਬਿਆਨ ਉਪਰ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਗੁਰਸੇਵਕ ਨੇ ਦੱਸਿਆ ਕਿ ਪੱਖੋਵਾਲ ਰੋਡ ‘ਤੇ ਦੀਪ ਇਲੈਕਟ੍ਰਾਨਿਕਸ ਨਾਮ ਦਾ ਉਨ੍ਹਾਂ ਦਾ ਸ਼ੋਅਰੂਮ ਹੈ। ਸਵੇਰੇ ਨੌਂ ਵਜੇ ਦੇ ਕਰੀਬ ਜਦ ਉਹ ਦੁਕਾਨ ਤੇ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਸ਼ਟਰ ਟੁੱਟਾ ਹੋਇਆ ਸੀ। ਅੰਦਰ ਝਾਤੀ ਮਾਰਨ ‘ਤੇ ਪਤਾ ਲੱਗਾ ਕਿ ਦੁਕਾਨ ‘ਚੋਂ ਕੀਮਤੀ 10ਐਲਈਡੀ ਤੇ 70 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ।

ਪੁਲਿਸ ਦੀ ਢਿੱਲੀ ਕਾਰਵਾਈ ਦੇ ਚੱਲਦੇ ਨਹੀਂ ਹੋ ਸਕੀ ਸਾਮਾਨ ਦੀ ਬਰਾਮਦਗੀ

14 ਫਰਵਰੀ ਦੀ ਰਾਤ ਨੂੰ ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ। 15 ਫਰਵਰੀ ਨੂੰ ਗੁਰਸੇਵ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ।ਕਈ ਵਾਰ ਥਾਣੇ ਤੇ ਚੌਕੀ ਦੇ ਗੇੜੇ ਮਾਰਨ ਦੇ ਬਾਵਜੂਦ ਪੁਲਿਸ ਨੇ ਐਫਆਈਆਰ ਦਰਜ ਨਹੀ ਕੀਤੀ। ਗੁਰਸੇਵਕ ਦਾ ਕਹਿਣਾ ਹੈ ਕਿ ਤਿੰਨ ਹਫਤੇ ਤੋਂ ਵੱਧ ਸਮਾਂ ਬੀਤਣ ਦੇ ਬਾਅਦ ਪੁਲਿਸ ਨੇ ਹੁਣ ਮੁਕੱਦਮਾ ਦਰਜ ਕੀਤਾ ਹੈ। ਜੇਕਰ ਇਹ ਕਾਰਵਾਈ ਪੁਲਿਸ ਪਹਿਲੋਂ ਕਰ ਦਿੰਦੀ ਤਾਂ ਸਮਾਨ ਬਰਾਮਦ ਹੋਣ ਦੀ ਵੱਧ ਉਮੀਦ ਸੀ।

ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਵਾਰਦਾਤਾਂ ਦੀਆਂ ਤਸਵੀਰਾਂ

ਸ਼ੋਅਰੂਮ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵਾਰਦਾਤ ਦੀਆਂ ਤਸਵੀਰਾਂ ਕੈਦ ਹੋ ਗਈਆਂ। ਫੁਟੇਜ ਦੀ ਜਾਂਚ ਦੇ ਦੌਰਾਨ ਪਤਾ ਲੱਗਾ ਕਿ ਤਿੰਨ ਨਕਾਬਪੋਸ਼ ਚੋਰ ਰਾਤ ਇੱਕ ਵਜੇ ਦੇ ਕਰੀਬ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੋਏ ਤੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਤਿੰਨ ਵਜੇ ਫ਼ਰਾਰ ਹੋ ਗਏ। ਇਸ ਮਾਮਲੇ ‘ਚ ਪੁਲਿਸ ਦਾ ਕਹਿਣਾ ਹੈ ਕਿ ਐਫਆਈਆਰ ਦਰਜ ਕਰਨ ਤੋਂ ਬਾਅਦ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

Share This :

Leave a Reply