ਸਾਬਕਾ ਖੇਡ ਮੰਤਰੀ ਸੋਢੀ ਤੇ ਸਾਬਕਾ ਸੀਪੀਐਸ ਨੰਨੂੰ ’ਤੇ ਦਰਜ ਕੇਸ !

ਫ਼ਿਰੋਜ਼ਪੁਰ, ਮੀਡੀਆ ਬਿਊਰੋ:

ਲੰਘੀ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਤੇ ਭਾਜਪਾ ਕਾਰਕੁਨਾਂ ਦਰਮਿਆਨ ਹੋਈ ਲੜਾਈ ਮਗਰੋਂ ਥਾਣਾ ਸਦਰ ਪੁਲਿਸ ਨੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਭਾਜਪਾ ਦੇ ਸਾਬਕਾ ਸੀਪੀਐੱਸ ਸੁਖਪਾਲ ਸਿੰਘ ਨੰਨੂੰ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 323 ਤੇ 509 ਤਹਿਤ ਕੇਸ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਰਜੀਤ ਸਿੰਘ ਨੇ ਦੋਸ਼ ਲਾਇਆ ਸੀ ਕਿ ਚੋਣਾਂ ਵਾਲੇ ਦਿਨ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸੋਢੀ ਤੇ ਸਾਬਕਾ ਸੀਪੀਐੱਸ ਸੁਖਪਾਲ ਸਿੰਘ ਨੰਨੂੰ ਹਿਮਾਇਤੀਆਂ ਸਮੇਤ ਸਰਹੱਦੀ ਪਿੰਡਾਂ ਗੱਟੀ ਰਾਜੋ ਕੀ, ਜੱਲੋ ਕੇ, ਚਾਂਦੀ ਵਾਲਾ ਵੱਲ ਆਏ। ਸੁਰਜੀਤ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਆਗੂਆਂ ਵੱਲੋਂ ਵੋਟਰਾਂ ਨੂੰ ਪ੍ਰਭਾਵਤ ਕੀਤਾ ਜਾ ਰਿਹਾ ਸੀ। ਉਨ੍ਹਾਂ ਵੱਲੋਂ ਰੋਕੇ ਜਾਣ ’ਤੇ ਨੰਨੂੰ ਨੇ ਕਥਿਤ ਤੌਰ ’ਤੇ ਰਾਈਫਲ ਦਾ ਬੱਟ ਮਾਰ ਕੇ ਜ਼ਖ਼ਮੀ ਕੀਤਾ ਤੇ ਜਾਂਦੇ ਹੋਏ ਉਸ ਦਾ ਮੋਬਾਈਲ ਫੋਨ ਖੋਹ ਲਿਆ। ਇਸ ਸਬੰਧੀ ਜਿੱਥੇ ਰਾਣਾ ਸੋਢੀ ਗਰੁੱਪ ਨੇ ਦੋਸ਼ ਨਕਾਰੇ ਸਨ ਉਥੇ ਸਾਬਕਾ ਸੀਪੀਐੱਸ ਨੰਨੂੰ ਦਾ ਕਹਿਣਾ ਹੈ ਕਿ ਵੋਟਾਂ ਵਾਲੇ ਦਿਨ ਉਹ ਭਾਜਪਾ ਉਮੀਦਵਾਰ ਰਾਣਾ ਸੋਢੀ ਨਾਲ ਸਰਹੱਦੀ ਪਿੰਡਾਂ ਦੇ ਬੂਥ ਚੈੱਕ ਕਰਨ ਗਏ ਸਨ। ਉਥੇ ਅਜਿਹੀ ਕੋਈ ਘਟਨਾ ਨਹੀਂ ਹੋਈ। ਸਾਰੇ ਦੋਸ਼ ਬੇਬੁਨਿਆਦ ਹਨ।

Share This :

Leave a Reply