ਮੌਲਵੀਵਾਲਾ, ਮੀਡੀਆ ਬਿਊਰੋ:
ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਬਾਜ਼ੀਗਰ ਦੇ ਸਮਰਥਕਾਂ ਨੂੰ ਕੁਝ ਅਕਾਲੀ ਵਰਕਰਾਂ ਵੱਲੋਂ ਪੈਸੇ ਵੰਡਣ ਦੇ ਦੋਸ਼ ਹੇਠ ਫੜਕੇ ਪੁਲਿਸ ਹਵਾਲੇ ਕੀਤਾ ਗਿਆ। ਮਾਮਲੇ ਨੂੰ ਲੈ ਕੇ ਘੱਗਾ ਪੁਲਿਸ ਨੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਪੈਸੇ ਵੰਡੇ ਜਾਣ ਦੇ ਦੋਸ਼ਾਂ ਤਹਿਤ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਹਲਕਾ ਸ਼ੁਤਰਾਣਾ ਤੋਂ ਅਕਾਲੀ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਦੇ ਸਮਰਥਕ ਹਰਜੀਤ ਹਰਜੀਤ ਸਿੰਘ ਉਰਫ਼ ਬਿੱਟੂ ਵਾਸੀ ਵਾਰਡ ਨੰਬਰ ਤਿੱਨ ਘੱਗਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਕੁਝ ਵਿਅਕਤੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸੇ ਵੰਡ ਰਹੇ ਹਨ ਜਦੋਂ ਉਨ੍ਹਾਂ ਨੇ ਜਾ ਕੇ ਆਪਣੀ ਗੱਡੀ ਰੋਕੀ ਤਾਂ ਫਾਰਚੂਨਰ ਗੱਡੀ ਜਿਸ ਵਿੱਚ ਆਪ ਉਮੀਦਵਾਰ ਕੁਲਵੰਤ ਸਿੰਘ ਸਵਾਰ ਸੀ। ਪਤਾ ਲੱਗਣ ‘ਤੇ ਡ੍ਰਾਈਵਰ ਨੇ ਉਨ੍ਹਾਂ ਉੱਤੇ ਗੱਡੀ ਚੁਕਾਉਣ ਦੀ ਕੋਸ਼ਿਸ਼ ਕੀਤੀ ਤੇ ਮੌਕੇ ਵਾਲੀ ਥਾਂ ਤੋਂ ਫ਼ਰਾਰ ਹੋ ਗਏ ਜਦੋਂਕਿ ਇਕ ਹੋਰ ਇਨੋਵਾ ਗੱਡੀ ਦੀ ਉਨ੍ਹਾਂ ਭੱਜ ਕੇ ਚਾਬੀ ਕੱਢ ਲਈ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਸਵਾਰ ਅਮਰੀਕ ਸਿੰਘ ਵਾਸੀ ਹਰਿਆਉ ਤੇ ਬੀਰਾ ਰਾਮ ਵਾਸੀ ਚਿੱਚੜਵਾਲਾ ਨੂੰ ਮੌਕੇ ਉਤੇ ਫੜਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਅਮਰੀਕ ਸਿੰਘ ਦੇ ਗਲ ਵਿੱਚ ਪਾਏ ਬੈਗ ਵਿੱਚੋਂ ਇੱਕ ਲੱਖ ਪੰਦਰਾਂ ਹਜ਼ਾਰ ਰੁਪਏ ਤੇ ਮੋਬਾਇਲ ਫੋਨ ਬਰਾਮਦ ਹੋਏ।
ਇਸ ਸਬੰਧੀ ਹਲਕਾ ਸ਼ੁਤਰਾਣਾ ਤੋਂ ਆਪ ਉਮੀਦਵਾਰ ਕੁਲਵੰਤ ਬਾਜ਼ੀਗਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸਮਾਣਾ ਦੀ ਤਰਫੋਂ ਆ ਰਹੇ ਸਨ ਕਿ ਅਕਾਲੀ ਦਲ ਦੇ ਕੁਝ ਵਰਕਰਾਂ ਨੇ ਸੜਕ ਕਿਨਾਰੇ ਗੱਡੀ ਰੋਕ ਕੇ ਬਾਥਰੂਮ ਕਰ ਰਹੇ ਉਨ੍ਹਾਂ ਦੇ ਸਮਰਥਕਾਂ ਨੂੰ ਘੇਰ ਕੇ ਥਾਣੇ ਲੈ ਗਏ। ਉਨ੍ਹਾਂ ਦੱਸਿਆ ਕਿ ਉਹ ਇੱਕ ਆਮ ਪਰਿਵਾਰ ਨਾਲ ਸਬੰਧ ਰੱਖਦੇ ਹਨ ਤੇ ਉਨ੍ਹਾਂ ਨੂੰ ਚੋਣ ਖਰਚਾ ਚਲਾਉਣਾ ਔਖਾ ਹੋਇਆ ਪਿਆ ਹੈ। ਪਾਰਟੀ ਫੰਡ ਲਈ ਸਮਰਥਕਾਂ ਵੱਲੋਂ ਦਿੱਤੇ ਗਏ ਕੁਝ ਪੈਸੇ ਉਨ੍ਹਾਂ ਕੋਲ ਜ਼ਰੂਰ ਸਨ।