ਚੰਡੀਗੜ੍ਹ (ਮੀਡੀਆ ਬਿਊਰੋ) ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਨਾਉਣ ਦੀ ਮੁਹਿੰਮ ਨੂੰ ਤੇਜ਼ ਕਰਨ ਲਈ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਸਿਵਲ ਸਰਜਨ ਫਿਰੋਜ਼ਪੁਰ ਡਾ. ਰਜਿੰਦਰ ਅਰੋੜਾ ਵੀ ਹਾਜ਼ਰ ਸੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰੱਬਤ ਸਿਹਤ ਬੀਮਾ ਯੋਜਨਾ ਤਹਿਤ 22 ਸਤੰਬਰ ਤੋਂ 05 ਅਕਤੂਬਰ ਤੱਕ ਵਿਸ਼ੇਸ਼ ਮੁਹਿੰਮ ਤਹਿਤ ਕਾਰਡ ਬਣਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀ ਪਰਿਵਾਰ ਨੂੰ 5 ਲੱਖ ਰਪੁਏ ਪ੍ਰਤੀ ਸਾਲ ਮੁਫਤ ਇਲਾਜ ਦੀ ਸਹੂਲਤ ਸੂਚੀਬੱਧ ਹਸਪਤਾਲਾਂ ਵਿਚ ਦਿੱਤੀ ਜਾਂਦੀ ਹੈ ਅਤੇ ਇਸ ਯੋਜਨਾ ਵਿਚ 1500 ਤੋਂ ਵੱਧ ਬੀਮਾਰੀਆਂ ਨੂੰ ਕਵਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਨਾਉਣ ਲਈ ਨੀਲੇ ਰਾਸ਼ਨ ਕਾਰਡ ਹੋਲਡਰ, ਜੇ ਫਾਰਮ ਹੋਲਡਰ ਕਿਸਾਨ, ਐਸ.ਈ.ਸੀ.ਸੀ.ਡਾਟਾ, ਛੋਟੇ ਵਪਾਰੀ, ਲੇਬਰ ਕਾਰਡ ਹੋਲਡਰ ਕੰਸਟਰੰਕਸ਼ਨ ਵਰਕਰ, ਪਤੱਰਕਾਰ ਕੈਟਾਗਰੀ ਦੇ ਪਰਿਵਾਰ ਯੋਗ ਹਨ। ਉਨ੍ਹਾਂ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਨਾਉਣ ਲਈ ਆਪਣਾ ਅਧਾਰ ਕਾਰਡ ਅਤੇ ਨੀਲਾ ਰਾਸ਼ਨ ਕਾਰਡ, ਲੇਬਰ ਕਾਰਡ ਲੈ ਕੇ ਜਾਣ ਦੀ ਜਰੂਰਤ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਕਾਰਡ ਜ਼ਿਲ੍ਹੇ ਦੇ ਵੱਖ ਵੱਖ ਸੇਵਾ ਕੇਂਦਰਾਂ ਅਤੇ 500 ਤੋਂ ਵੱਧ ਸੀਐਸਸੀ (ਕਾਮਨ ਸਰਵਿਸ ਸੈਂਟਰਾਂ) ਵਿਚ ਬਣਾਏ ਜਾਂਦੇ ਹਨ। ਕਾਰਡ ਬਨਾਉਣ ਦੀ ਫੀਸ 30 ਰੁਪਏ ਪ੍ਰਤੀ ਕਾਰਡ ਹੈ ਅਤੇ ਇਹ ਕਾਰਡ ਹਰ ਮੈਂਬਰ ਦਾ ਵਖਰਾ-ਵੱਖਰਾ ਬਨੇਗਾ।
ਉਨ੍ਹਾਂ ਦੱਸਿਆ ਕਿ ਲਾਭਪਾਤਰੀ ਵੱਲੋਂ ਜਿਹੜੇ ਸੈਂਟਰ ਤੇ ਕਾਰਡ ਅਪਲਾਈ ਕੀਤਾ ਜਾਂਦਾ ਹੈ ਉਹ ਉਸੇ ਹੀ ਸੈਂਟਰ ਤੋਂ 3 ਦਿਨ ਬਾਅਦ ਆਪਣਾ ਕਾਰਡ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਵਿਚ ਜ਼ਿਲ੍ਹਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਫਿਰੋਜ਼ਪੁਰ ਸਿਵਲ ਹਸਪਤਾ ਜੀਰਾ, ਸੀਐਚਸੀ ਫਿਰੋਜ਼ਸ਼ਾਹ, ਮੱਖੂ, ਗੁਰੂਹਰਸਹਾਏ ਅਤੇ ਮਮਦੋਟ, ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ, ਕਾਲੀਆ ਆਈ ਅਤੇ ਮੈਟਰਨਿਟੀ ਹਸਪਤਾਲ ਫਿਰੋਜਪੁਰ, ਅਸੀਜਾ ਆਈ ਕੇਅਰ ਹਸਪਤਾਲ ਫਿਰੋਜ਼ਪੁਰ, ਡਾ.ਹੰਸਰਾਜ ਮਲਟੀਸਪੈਸ਼ਲਟੀ ਹਸਪਤਾਲ ਫਿਰੋਜਪੁਰ, ਏ-ਵੰਨ ਨਾਗੀ ਹਸਪਤਾਲ ਮੁੱਦਕੀ, ਓਸਾਹਨ ਹਸਪਤਾਲ ਜ਼ੀਰਾ, ਬਾਠ ਆਈ ਕੇਅਰ ਹਸਪਤਾਲ ਫਿਰੋਜ਼ਪੁਰ, ਕਾਲੜਾ ਹਸਪਤਾਲ ਮੱਖੂ ਪੰਜੀਕ੍ਰਿਤ ਹਸਪਤਾਲ ਹਨ।
ਉਨ੍ਹਾਂ ਦੱਸਿਆ ਕਿ ਇਸ ਕਾਰਡ ਤਹਿਤ ਕਿਸੇ ਤਰ੍ਹਾਂ ਦੀ ਮਾਲੀ ਸਹਾਇਤਾ ਨਹੀਂ ਦਿੱਤੀ ਜਾਂਦੀ ਪਰੰਤੂ ਇਸ ਅਧੀਨ ਮੁਫਤ ਇਲਾਜ ਸੂਚੀਬੱਧ ਹਸਪਤਾਲਾਂ ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ 104 ਨੰਬਰ ਤੇ ਦਰਜ ਕਰਵਾਈ ਜਾ ਸਕਦੀ ਹੈ। ਇਸ ਸਕੀਮ ਅਧੀਨ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਡਾ. ਰਾਜਿੰਦਰ ਮਨਚੰਦਾ ਡੀਐਮਸੀ ਫਿਰੋਜ਼ਪੁਰ (ਮੋਬਾਈਲ 98151-61738, ਅਤੇ ਸ੍ਰੀ ਰਾਜਿੰਦਰ ਸਿੰਘ (ਮੋਬਾਈਲ 90235-09382) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਸਬੰਧਿਤ ਮੁਲਾਜ਼ਮ ਗਲਤ ਕਾਰਡ ਬਣਾਉਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡੀ.ਐਮਸੀ ਫਿਰੋਜ਼ਪੁਰ ਡਾ. ਰਜਿੰਦਰ ਕੁਮਾਰ ਮਨਚੰਦਾ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰ, ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ, ਫੂਡ ਸਪਲਾਈ ਵਿਭਾਗ, ਲੇਬਰ ਵਿਭਾਗ, ਸੇਵਾ ਕੇਂਦਰ, ਸੀ. ਐਸ. ਸੀ. ਸੈਂਟਰ ਅਤੇ ਜਿਲ੍ਹਾ ਮੰਡੀ ਅਫਸਰ ਦੇ ਨੁਮਾਇੰਦੇ ਹਾਜ਼ਰ ਸਨ।