20 ਫਰਵਰੀ ਤੋਂ ਬਾਅਦ ਹੋਵੇਗੀ ਬੰਦੀ ਸਿੰਘਾਂ ਦੀ ਰਿਹਾਈ

ਸਿਰਸਾ ਨੇ ਕਿਹਾ- ਡੇਰਾ ਮੁਖੀ ਦੀ ਪੈਰੋਲ ’ਤੇ ਸਵਾਲ ਚੁੱਕਣ ਵਾਲਿਆਂ ਨੇ ਦਿੱਤਾ ਸੀ ਮਾਫ਼ੀਨਾਮਾ

ਅਮਲੋਹ, ਮੀਡੀਆ ਬਿਊਰੋ:

ਕਿਸੇ ਸਮੇਂ ਡੇਰਾ ਮੁਖੀ ਨੂੰ ਮਾਫ਼ੀਨਾਮਾ ਦੇਣ ਵਾਲੇ ਤੇ ਡੇਰੇ ਜਾ ਕੇ ਨਤਮਸਤਕ ਹੋਣ ਵਾਲੇ ਅੱਜ ਉਹ ਡੇਰਾ ਮੁਖੀ ਨੂੰ ਪੈਰੋਲ ਮਿਲਣ ’ਤੇ ਸਵਾਲ ਚੁੱਕ ਰਹੇ ਹਨ। ਇਹ ਕਹਿਣਾ ਸੀ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਦਾ, ਉਹ ਹਲਕਾ ਅਮਲੋਹ ਤੋਂ ਬੀਜੇਪੀ ਦੇ ਉਮੀਦਵਾਰ ਕੰਵਰਵੀਰ ਸਿੰਘ ਟੌਹਡ਼ਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਅਮਲੋਹ ਪਹੁੰਚੇ ਸਨ।

ਸਿਰਸਾ ਨੇ ਕਿਹਾ ਕਿ 20 ਫਰਵਰੀ ਤੋਂ ਬਾਅਦ ਜੋ ਬੰਦੀ ਸਿੰਘ ਹਨ, ਉਨ੍ਹਾਂ ਦੀ ਰਿਹਾਈ ਹੋਵੇਗੀ ਕਿਉਂਕਿ ਬੀਜੇਪੀ ਦੀ ਸੋਚ ਹੈ ਕਿ ਪੰਜਾਬ ਦੀ ਅਮਨ-ਸ਼ਾਂਤੀ ਲਈ ਜੋ ਵੀ ਕੀਮਤ ਅਦਾ ਕਰਨੀ ਪਈ, ਉਹ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਪਿੰਡਾਂ ਵਿਚ ਵੀ ਲੋਕਾਂ ਦਾ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸ ਤੋਂ ਉਨ੍ਹਾਂ ਨੂੰ ਉਮੀਦ ਹੈ ਕਿ ਲੋਕ ਬੀਜੇਪੀ ਨੂੰ ਜਿਤਾਉਣਗੇ। ਡੇਰਾ ਮੁਖੀ ਨੂੰ ਪੈਰੋਲ ਮਿਲਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਅੱਜ ਉਹੀ ਵਿਰੋਧੀ ਪੈਰੋਲ ’ਤੇ ਸਵਾਲ ਚੁੱਕ ਰਹੇ ਹਨ ਜੋ ਕਦੇ ਰਾਮ ਰਹੀਮ ਨੂੰ ਮੁਆਫ਼ੀਨਾਮਾ ਦਿੰਦੇ ਸਨ ਤੇ ਕਦੇ ਡੇਰੇ ਵਿੱਚ ਨਤਮਸਤਕ ਹੁੰਦੇ ਸਨ। ਉਨ੍ਹਾਂ ਕਿਹਾ ਕਿ ਬੀਜੇਪੀ ਧਰਮ ਅਤੇ ਰਾਜਨੀਤੀ ਨੂੰ ਵੱਖਰਾ-ਵੱਖਰਾ ਰੱਖਦੀ ਹੈ ਜਦੋਂ ਕੱਲ੍ਹ ਅਮਿਤ ਸ਼ਾਹ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਤਾਂ ਉਥੇ ਵੀ ਕੋਈ ਰਾਜਨੀਤੀ ਦੀ ਗੱਲ ਹੀ ਨਹੀਂ ਕੀਤੀ ਸਗੋਂ ਧਾਰਮਿਕ ਮੁੱਦਿਆਂ ’ਤੇ ਗੱਲਬਾਤ ਹੋਈ ਹੈ।

ਸਿਰਸਾ ਨੇ ‘ਆਪ’ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਕ ਕਹਾਵਤ ਹੈ ਕਿ ‘ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਬਦਲਦਾ ਹੈ’ ਜੇਕਰ ਅੱਜ ਤੁਸੀਂ ਕੇਜਰੀਵਾਲ ਦੇ ਪੋਸਟਰ ਦੇਖੋ ਤਾਂ ਭਗਵੰਤ ਮਾਨ ਵੀ ਕੇਜਰੀਵਾਲ ਦੀ ਤਰ੍ਹਾਂ ਕੱਛਾਂ ’ਚ ਹੱਥ ਦੇ ਕੇ ਆਪਣੀ ਫੋਟੋ ਲਗਵਾ ਰਹੇ ਹਨ, ਜਿਸ ਤਰ੍ਹਾਂ ਕਿ ਉਹ ਪੰਜਾਬ ਦਾ ਤਮਾਸ਼ਾ ਦੇਖਣ ਆਏ ਹੋਣ।

Share This :

Leave a Reply