ਕਾਂਗਰਸ ਅੰਦਰ ਰਹਿ ਕੇ ਆਪਣੀ ਜੰਗ ਲੜਨਗੇ ਕੈਪਟਨ, ਵਿਰੋਧੀਆਂ ਦੇ ਯਤਨਾਂ ‘ਤੇ ਫਿਰਿਆ ਪਾਣੀ

ਚੰਡੀਗੜ੍ਹ (ਮੀਡੀਆ ਬਿਊਰੋ)- ਕਾਂਗਰਸ ਅੰਦਰ ਰਹਿ ਕੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਜੰਗ ਲੜਨਗੇ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਪੰਜਾਬ ਕਾਂਗਰਸ ਕਮੇਟੀ ਦੀ ਨਵੀਂ ਟੀਮ ਦੀ ਤਾਜਪੋਸ਼ੀ ਸਮੇਂ ਹੋਏ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਵਿਰੋਧੀ ਆਗੂਆਂ ਦੇ ਉਨ੍ਹਾਂ ਯਤਨਾਂ ‘ਤੇ ਪਾਣੀ ਫੇਰ ਦਿੱਤਾ ਹੈ, ਜੋ ਚਾਹੁੰਦੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਉਕਤ ਪ੍ਰੋਗਰਾਮ ਵਿਚ ਸ਼ਾਮਲ ਨਾ ਹੋਣ ਤਾਂ ਜੋ ਕੇਂਦਰੀ ਹਾਈ ਕਮਾਨ ਨੂੰ ਇਹ ਸੰਦੇਸ਼ ਭੇਜਿਆ ਜਾ ਸਕੇ ਕਿ ਕੈਪਟਨ ਨੇ ਹਾਈ ਕਮਾਨ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ।

ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਦਾ ਮੰਨਣਾ ਹੈ ਕਿ ਬਦਲੇ ਹੋਏ ਹਾਲਾਤ ਵਿਚ ਕੈਪਟਨ ਅਮਰਿੰਦਰ ਸਿੰਘ ਪਾਰਟੀ ਅੰਦਰ ਰਹਿ ਕੇ ਜਿੱਥੇ ਚੁਣੇ ਹੋਏ ਵਿਧਾਇਕਾਂ ਨਾਲ ਨੇੜਤਾ ਵਧਾਉਣਗੇ, ਉਥੇ ਹੀ ਦੂਜੇ ਪਾਸੇ ਉਹ ਕਾਂਗਰਸੀ ਆਗੂਆਂ ਨੂੰ ਵੀ ਆਪਣੇ ਨੇੜੇ ਲਿਆਉਣਗੇ। ਮੁੱਖ ਮੰਤਰੀ ਨੂੰ ਇਹ ਪਤਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਨੇੜੇ ਵਿਧਾਇਕਾਂ ਨੂੰ ਉਨ੍ਹਾਂ ਦੀ ਹਮਾਇਤ ਦੀ ਲੋੜ ਪੈਣੀ ਹੈ। ਟਿਕਟਾਂ ਦੀ ਵੰਡ ਸਬੰਧੀ ਫ਼ੈਸਲਾ ਕਰਦੇ ਸਮੇਂ ਮੁੱਖ ਮੰਤਰੀ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ।

ਸੂਤਰਾਂ ਮੁਤਾਬਕ ਇਸ ਗੱਲ ਦਾ ਧਿਆਨ ਵਿਧਾਇਕਾਂ ਨੂੰ ਵੀ ਹੈ, ਇਸ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜਦੋਂ ਨਾਸ਼ਤੇ ਦਾ ਆਯੋਜਨ ਪੰਜਾਬ ਭਵਨ ਵਿਚ ਕੀਤਾ ਸੀ ਤਾਂ ਉਸ ਸਮੇਂ ਸਭ ਕਾਂਗਰਸੀ ਵਿਧਾਇਕ ਅਤੇ ਹੋਰ ਨੇਤਾ ਉਸ ਵਿਚ ਸ਼ਾਮਲ ਹੋਏ ਸਨ। ਸੂਤਰਾਂ ਨੇ ਕਿਹਾ ਕਿ ਕੈਪਟਨ ਪਾਰਟੀ ਪ੍ਰੋਗਰਾਮਾਂ ਵਿਚ ਪੂਰੀ ਤਰ੍ਹਾਂ ਹਿੱਸਾ ਲੈਣਗੇ। ਆਪਣੇ ਵੱਲੋਂ ਉਹ ਪਾਰਟੀ ਦੀ ਏਕਤਾ ਦਾ ਸੰਦੇਸ਼ ਵੀ ਸਪੱਸ਼ਟ ਦੇਣਗੇ।

ਦੱਸਿਆ ਜਾਂਦਾ ਹੈ ਕਿ ਸ਼ੁੱਕਰਵਾਰ ਹੋਏ ਸਮਾਗਮ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਰੂਪ ਬਦਲਿਆ ਹੋਇਆ ਨਜ਼ਰ ਆ ਰਿਹਾ ਸੀ। ਉਨ੍ਹਾਂ ਸਭ ਆਗੂਆਂ ਪ੍ਰਤੀ ਨਰਮ ਰਵੱਈਆ ਅਪਣਾਇਆ ਹੋਇਆ ਸੀ। ਇਸ ਤੋਂ ਉਹ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨੂੰ ਇਕ ਚੰਗਾ ਸੰਦੇਸ਼ ਆਪਣੇ ਵੱਲੋਂ ਦੇਣ ਵਿਚ ਸਫ਼ਲ ਹੋਏ। ਕੈਪਟਨ ਜਿੱਥੇ ਸਰਕਾਰੀ ਪ੍ਰੋਗਰਾਮਾਂ ਵਿਚ ਰੋਜ਼ਾਨਾ ਹਿੱਸਾ ਲੈਂਦੇ ਰਹਿਣਗੇ, ਉਥੇ ਹੀ ਦੂਜੇ ਪਾਸੇ ਉਹ ਕਾਂਗਰਸ ਦੇ ਪ੍ਰੋਗਰਾਮਾਂ ਵਿਚ ਵੀ ਸ਼ਾਮਲ ਹੋਣਗੇ। ਜ਼ਿਲ੍ਹਿਆਂ ਵਿਚ ਜਲਦੀ ਹੀ ਦੌਰੇ ਸ਼ੁਰੂ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਕਾਂਗਰਸੀਆਂ ਨਾਲ ਪੂਰੀ ਤਰ੍ਹਾਂ ਰੂ-ਬ-ਰੂ ਹੋਣਗੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਆਖੀਰ ਪਾਰਟੀ ਆਗੂਆਂ ਨੇ ਹੀ ਚੋਣਾਂ ਲੜਨਗੀਆਂ ਹਨ।

Share This :

Leave a Reply