100 ਸਾਲਾ ਹਰਬੰਸ ਸਿੰਘ ਦੀ ਮਿਹਨਤ ਦੇ ਮੁਰੀਦ ਹੋਏ ਕੈਪਟਨ ਅਮਰਿੰਦਰ ਸਿੰਘ, ਆਖੀ ਵੱਡੀ ਗੱਲ

ਚੰਡੀਗੜ੍ਹ (ਮੀਡੀਆ ਬਿਊਰੋ) : ਮੋਗਾ ਦੇ 100 ਸਾਲਾ ਹਰਬੰਸ ਸਿੰਘ ਦੀ ਮਿਹਨਤ ਅਤੇ ਸਬਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੁਰੀਦ ਹੋ ਗਏ ਹਨ। ਮੁੱਖ ਮੰਤਰੀ ਆਖਿਆ ਹੈ ਕਿ 100 ਸਾਲਾ ਹਰਬੰਸ ਸਿੰਘ ਜੀ ਵਰਗੇ ਮਿਹਨਤੀ ਪੰਜਾਬੀ ਹੀ ਪੰਜਾਬ ਦੀ ਅਸਲੀ ਪਰਿਭਾਸ਼ਾ ਨੂੰ ਬਿਆਨ ਕਰਦੇ ਹਨ। 100 ਸਾਲ ਦੀ ਉਮਰ ਵਿਚ ਵੀ ਉਹ ਆਪਣੇ ਹੱਥੀਂ ਕਮਾ ਕੇ ਖਾਣ ਵਿਚ ਵਿਸ਼ਵਾਸ ਰੱਖ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਮੈਨੂੰ ਤੁਹਾਡੀ ਮਦਦ ਕਰਨ ਦਾ ਮੌਕਾ ਮਿਲਿਆ ਅਤੇ ਤੁਹਾਡਾ ‘ਕਿਰਤ ਕਰੋ’ ਵਿਚ ਜੋ ਵਿਸ਼ਵਾਸ ਹੈ,, ਉਸਨੇ ਮੈਨੂੰ ਖੁਦ ਬਹੁਤ ਪ੍ਰੇਰਿਤ ਕੀਤਾ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਪੂਰੇ ਪੰਜਾਬ ਵਾਸੀਆਂ ਲਈ ਵੀ ਤੁਸੀਂ ਪ੍ਰੇਰਣਾਸ੍ਰੋਤ ਸਾਬਿਤ ਹੋਏ ਹੋਵੋਗੇ।

ਦਰਅਸਲ 100 ਸਾਲਾ ਹਰਬੰਸ ਸਿੰਘ ਆਪਣੇ ਜਹਾਨੋਂ ਤੁਰ ਗਏ ਪੁੱਤ ਦੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਅੱਜ ਵੀ ਰੇਹੜੀ ਉਪਰ ਪਿਆਜ਼ ਅਤੇ ਆਲੂ ਵੇਚਣ ਦਾ ਕੰਮ ਕਰਦਾ ਹੈ। ਕੁਝ ਸਾਲ ਪਹਿਲਾਂ ਉਸ ਦੇ ਇਕ ਬੇਟੇ ਦੇ ਦੇਹਾਂਤ ਤੋਂ ਬਾਅਦ ਅਤੇ ਨੂੰਹ ਵੱਲੋਂ ਬੱਚਿਆਂ ਨੂੰ ਕਥਿਤ ਤੌਰ ਉੱਤੇ ਬੇਸਹਾਰਾ ਛੱਡਣ ‘ਤੇ ਹਰਬੰਸ ਸਿੰਘ ਆਪਣੇ ਪੋਤੇ-ਪੋਤੀ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਉਸ ਦਾ ਇਕ ਪੁੱਤ ਫ਼ਲ ਵੇਚਦਾ ਹੈ ਪਰ ਉਹ ਆਪਣੇ ਪਰਿਵਾਰ ਨਾਲ ਵੱਖਰਾ ਰਹਿੰਦਾ ਹੈ।

ਹਰਬੰਸ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਜ਼ਿਲ੍ਹਾ ਲਾਹੌਰ ਦੇ ਪਿੰਡ ਸਰਾਏ ਠਾਣੇ ਵਾਲਾ ਨਾਲ ਸਬੰਧਤ ਸੀ ਅਤੇ ਵੰਡ ਵੇਲੇ ਭਾਰਤ ਆ ਗਏ ਅਤੇ ਉਸ ਵੇਲੇ ਉਨ੍ਹਾਂ ਦੀ ਉਮਰ 27 ਸਾਲ ਸੀ। ਉਹ ਤਕਰੀਬਨ ਚਾਰ ਦਹਾਕੇ ਪਹਿਲਾਂ ਮੋਗਾ ਵਿਖੇ ਸੈਟਲ ਹੋਣ ਤੋਂ ਪਹਿਲਾਂ ਮਾਮੂਲੀ ਨੌਕਰੀ ਕਰਦਾ ਸੀ ਅਤੇ ਸਬਜ਼ੀਆਂ ਵੇਚਣ ਲੱਗਾ। ਉਹ ਮੁੱਖ ਤੌਰ ‘ਤੇ ਮੋਗਾ ਦੀ ਅੰਮ੍ਰਿਤਸਰ ਰੋਡ ‘ਤੇ ਪਿਆਜ਼ ਵੇਚਦਾ ਹੈ। ਮੁੱਖ ਮੰਤਰੀ ਵਲੋਂ ਜਦੋਂ ਹਰਬੰਸ ਸਿੰਘ ਲਈ ਮਦਦ ਦਾ ਐਲਾਨ ਕੀਤਾ ਗਿਆ ਤਾਂ ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਮਿਹਨਤ ਜਾਰੀ ਰੱਖਣਗੇ।

Share This :

Leave a Reply