ਚੰਡੀਗੜ੍ਹ (ਮੀਡੀਆ ਬਿਊਰੋ)– ਪੰਜਾਬ ਦੇ ਅੰਦਰ ਇਸ ਵੇਲੇ ਕਾਂਗਰਸ ਪਾਰਟੀ ਦੀ ਬੇਸ਼ੱਕ ਸਰਕਾਰ ਸੱਤਾ ਦੇ ਕਾਬਜ਼ ਹੈ। ਪਰ ਕਾਂਗਰਸ ਪਾਰਟੀ ਦੇ ਅੰਦਰੂਨੀ ਕਲੇਸ਼ ਦਾ ਸਾਹਮਣਾ ਸਭ ਤੋਂ ਵਧ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਕਰ ਰਹੇ ਹਨ। ਹਾਈਕਮਾਨ ਤੋਂ ਲਾਹ-ਪਾਹ ਕਰਵਾਉਣ ਤੋਂ ਮਗਰੋਂ ਭਾਵੇਂ ਹੀ ਕੈਪਟਨ ਅਮਰਿੰਦਰ ਦੇ ਸਮਰਥਕ ਪੰਜਾਬ ਦੇ ਅੰਦਰ ਪੋਸਟਰ ਲਗਾ ਕੇ ਕੈਪਟਨ ਦੇ ਨਾਲ ਖੜ੍ਹੇ ਹੋਣ ਦੇ ਦਾਅਵੇ ਕਰ ਰਹੇ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕੈਪਟਨ ਸਿਰਫ਼ ਪੋਸਟਰਾਂ ਵਿੱਚ ਹੀ ਰਹਿ ਗਿਆ ਹੈ।
ਅਸਲ ਦੇ ਵਿੱਚ ਕੈਪਟਨ ਕੌਣ ਹੈ, ਇਹ ਤਾਂ ਹਾਈਕਮਾਨ ਨੂੰ ਹੀ ਪਤਾ ਹੈ। ਪੰਜਾਬ ਦੇ ਵੱਖੋ ਵੱਖ ਇਲਾਕਿਆਂ ਵਿੱਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਪਹਿਲੋਂ ਪੋਸਟਰ ਲੱਗੇ ਸਨ ਅਤੇ ਉਸ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਪੋਸਟਰ ਪਟਿਆਲਾ ਵਿਖੇ ਲੱਗੇ ਸਨ, ਜਿਨ੍ਹਾਂ ਨੇ ਬਹੁਤ ਜਿਆਦਾ ਪੁਆੜਾ ਪਾਇਆ ਸੀ।
ਜਿਹੜੀ ਲੰਘੇ ਦਿਨੀਂ ਹਾਈਕਮਾਨ ਨੇ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਕੀਤੀ, ਉਹ ਮੀਟਿੰਗ ਦੇ ਵਿੱਚ ਕੈਪਟਨ ਨੂੰ ਚੰਗੀ ਝਾੜ ਪਈ, ਜਦੋਂਕਿ ਦੂਜੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਇੱਕਜੁੱਟ ਰਹਿਣ ਦੀ ਅਪੀਲ ਕੀਤੀ ਗਈ। ਇਸ ਵੇਲੇ ਪੰਜਾਬ ਦੇ ਅੰਦਰ ਕੈਪਟਨ ਸਮਰਥਕਾਂ ਦੇ ਵੱਲੋਂ ਪੋਸਟਰ ਚਿਪਕਾ ਕੇ, ਰਾਜਨੀਤੀ ਖੇਡੀ ਜਾ ਰਹੀ ਹੈ, ਜੋ ਕਿ ਆਮ ਲੋਕਾਂ ਨੂੰ ਭੋਰਾ ਪਾਸੰਦ ਨਹੀਂ। ਦਰਅਸਲ, ਕੈਪਟਨ ਅਮਰਿੰਦਰ ਸਿੰਘ ਦਾ ਡਟ ਕੇ ਵਿਰੋਧ ਕਰਨ ਵਾਲੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਹਲਕਾ ਅਮਰਗੜ੍ਹ ਵਿੱਚ “ਕੈਪਟਨ ਇੱਕ ਹੀ ਹੁੰਦਾ ਹੈ” ਦੇ ਫਲੈਕਸ ਲਾਏ ਗਏ ਹਨ।
ਇਹ ਫਲੈਕਸ ਹਲਕਾ ਅਮਰਗੜ੍ਹ ਤੋਂ ਕਾਂਗਰਸੀ ਆਗੂ ਪ੍ਰਿਤਪਾਲ ਕੌਰ ਬਡਲਾ (ਸਟੇਟ ਕੋਆਰਡੀਨੇਟਰ ਪੰਜਾਬ ਮਹਿਲਾ ਕਾਂਗਰਸ) ਨੇ ਹਲਕਾ ਅਮਰਗੜ੍ਹ ਦੇ ਪਿੰਡ ਪਿੰਡ ‘ਚ ਲਗਵਾਏ ਹਨ। ਬੇਸ਼ੱਕ ਇਹ ਬੀਬੀ ਕੈਪਟਨ ਦੀ ਹਮਾਇਤੀ ਹੋਵੇਗੀ, ਪਰ ਇਹ ਕੈਪਟਨ ਦੇ ਵਿਕਾਸ ਕਾਰਜਾਂ ਨੂੰ ਗਿਣਾਏਗੀ ਕਿੰਨਾ ਕੁ ਕੈਪਟਨ ਨੇ ਵਿਕਾਸ ਕੀਤਾ?
ਅਸਲ ਦੇ ਵਿੱਚ ਬਾਦਲਾਂ ਦੇ ਵਾਂਗ ਕੈਪਟਨ ਵੀ ਦੋਹਰੀ ਚਾਲ ਚੱਲ ਰਿਹਾ ਹੈ। ਜਿਨ੍ਹਾਂ ਕਾਂਗਰਸੀ ਵਰਕਰਾਂ ਦਾ ਆਪਣੇ ਇਲਾਕੇ ਵਿੱਚ ਮਾੜਾ ਮੋਟਾ ਆਧਾਰ ਹੈ, ਉਨ੍ਹਾਂ ਨੂੰ ਹਵਾ ਦੇ ਕੇ ਪੋਸਟਰ ਚਿਪਕਾਉਣ ਵਿੱਚ ਲੱਗਿਆ ਹੋਇਆ ਹੈ। ਖ਼ਬਰ ਇਹ ਵੀ ਮਿਲੀ ਹੈ ਕਿ ਪ੍ਰਿਤਪਾਲ ਕੌਰ ਬਡਲਾ ਵਿਧਾਇਕ ਲਈ ਚੋਣ ਲੜਨ ਦੀ ਚਾਹਵਾਨ ਹੈ, ਇਸੇ ਲਈ ਉਹ ਪੋਸਟਰ ਰਾਜਨੀਤੀ ਦਾ ਹਿੱਸਾ ਬਣ ਰਹੀ ਹੈ।