ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਆਪਣਾ ਖੰਨਾ ਵਟਸਅੱਪ ਗਰੁੱਪ ਵੱਲੋਂ ੳੁੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸ਼ਹਿਰ ਵਿਚ ਮੋਮਬੱਤੀ ਮਾਰਚ ਕੱਢਿਆ ਗਿਆ, ਜਿਸ ਵਿਚ ਵੱਖ ਵੱਖ ਰਾਜਨੀਤਕ, ਸਮਾਜਿਕ, ਕਿਸਾਨ ਅਤੇ ਧਾਰਮਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੋਦੀ ਤੇ ਯੋਗੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ, ਸੁਖਵੰਤ ਸਿੰਘ ਟਿੱਲੂ, ਸੁਖਵਿੰਦਰ ਸਿੰਘ ਮਾਂਗਟ ਅਤੇ ਐਡਵੋਕੇਟ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਕਿਸਾਨ ਪਿਛਲੇ 11 ਮਹੀਨਿਆਂ ਤੋਂ ਲਗਾਤਾਰ ਦਿਨ ਰਾਤ ਦਿੱਲੀ ਬਾਰਡਰਾਂ ਦੇ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ।
ਪ੍ਰਤੂੰ ਕੇਂਦਰ ਸਰਕਾਰ ਮੰਗਾਂ ਮੰਨਣ ਦੀ ਥਾਂ ਹੁਣ ਘਟੀਆ ਹਰਕਤਾਂ ਨਾਲ ਕਿਸਾਨਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂ.ਪੀ ਵਿਚ ਹੋਈ ਘਟਨਾ ਅਤਿ ਨਿੰਦਣਯੋਗ ਹੈ ਅਤੇ ਸਰਕਾਰ ਫੌਰੀ ਤੌਰ ਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਬਰਖ਼ਾਸਤ ਕਰਕੇ ਉਸਦੇ ਪੁੱਤਰ ਨੂੰ ਗ੍ਰਿਫ਼ਤਾਰ ਕਰੇ। ਇਸ ਮੌਕੇ ਸਰਬਜੀਤ ਸਿੰਘ ਕਾਲੀਰਾਓ, ਪਰਮਪ੍ਰੀਤ ਸਿੰਘ ਪੌਂਪੀ, ਹਰਦੀਪ ਸਿੰਘ, ਜਤਿੰਦਰ ਸਿੰਘ, ਸੁਧੀਰ ਜੋਸ਼ੀ, ਗਗਨ ਕੌਰ, ਗੁਰਮੀਤ ਨਾਗਪਾਲ, ਹਰਿੰਦਰ ਰਾਜੇਵਾਲੀਆ, ਯੁਗੇਸ਼ ਜੋਸ਼ੀ, ਵਿਸ਼ਾਲ ਭਾਟੀਆ, ਸਤੀਸ਼ ਭੱਲਾ, ਨੀਰਜ਼ ਵਰਮਾ, ਪਰਮਿੰਦਰ ਸਿੰਘ, ਬੇਅੰਤ ਸਿੰਘ, ਗਗਨਦੀਪ ਸਿੰਘ, ਮੁਕੇਸ਼ ਸਿੰਘੀ, ਅਨਮੋਲ ਵਧਵਾ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ, ਪਰਮਜੀਤ ਸਿੰਘ, ਡਾ.ਰਮੇਸ਼, ਜਸਵੀਰ ਸਿੰਘ ਆਦਿ ਹਾਜ਼ਰ ਸਨ।