ਪੰਜਾਬ ਚੋਣਾਂ ਤੋਂ ਪਹਿਲਾਂ ਪਾਕਿਸਤਾਨੀ ਡਰੋਨ ਨੇ ਬਾਰਡਰ ‘ਤੇ ਸੁੱਟਿਆ ਵਿਸਫੋਟਕ
ਡੇਰਾ ਬਾਬਾ ਨਾਨਕ, ਮੀਡੀਆ ਬਿਊਰੋ:
20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਪੰਜਾਬ ‘ਚ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ। ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 73 ਬਟਾਲੀਅਨ ਦੀ ਬੀਓਪੀ ਪੰਜ ਗਰਾਈਆਂ ਦੇ ਬੀਐਸਐਫ ਜਵਾਨਾਂ ਵੱਲੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ਮੰਗਲਵਾਰ ਦੀ ਰਾਤ ਦੋ ਵਾਰ ਉੱਡਦੇ ਪਾਕਿਸਤਾਨੀ ਡਰੋਨ ‘ਤੇ ਫਾਇਰਿੰਗ ਤੇ ਈਲੂ ਬੰਬ (ਰੋਸ਼ਨੀ ਛੱਡਣ ਵਾਲੇ ਗੋਲੇ) ਛੱਡ ਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਹੋਇਆਂ ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਰਾਹੀਂ ਭਾਰਤੀ ਖੇਤਰ ‘ਚ ਸੁੱਟੇ 2 ਪਿਸਟਲ ਤੇ ਟਿਫ਼ਨ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਮੌਕੇ ‘ਤੇ ਪੁੱਜੇ ਅਤੇ ਸਰਹੱਦੀ ਖੇਤਰ ਦਾ ਜਾਇਜ਼ਾ ਲਿਆ। ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਮੰਗਲਵਾਰ ਰਾਤ 73 ਬਟਾਲੀਅਨ ਦੀ ਬੀਓਪੀ ਪੰਜ ਗਰਾਈਆਂ ‘ਤੇ ਤਾਇਨਾਤ ਬੀਐਸਐਫ ਜਵਾਨਾਂ ਨੂੰ ਕੌਮਾਂਤਰੀ ਸਰਹੱਦ ‘ਤੇ ਸੰਘਣੀ ਧੁੰਦ ਅਤੇ ਰਾਤ ਵੇਲੇ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਖੇਤਰ ਵੱਲ ਪ੍ਰਵੇਸ਼ ਕਰ ਰਹੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਡਿਊਟੀ ‘ਤੇ ਚੌਕਸ ਬੀਐਸਐਫ ਦੇ ਮਹੇਸ਼ ਅਤੇ ਮੁਕੇਸ਼ ਵੱਲੋਂ ਆਪਣੇ ਆਧੁਨਿਕ ਹਥਿਆਰਾਂ ਨਾਲ ਡਰੋਨ ‘ਤੇ ਫਾਇਰਿੰਗ ਕੀਤੀ ਗਈ ਜਦਕਿ ਇਸ ਸਮੇਂ ਡਿਊਟੀ ‘ਤੇ ਤਾਇਨਾਤ ਬੀਐਸਐਫ ਦੇ ਜਵਾਨ ਰਾਜਿੰਦਰ ਨੇ ਈਲੂ ਬੰਬ (ਰੋਸ਼ਨੀ ਛੱਡਣ ਵਾਲੇ ਗੋਲੇ) ਦੇ ਫਾਇਰ ਕੀਤੇ। ਉਨ੍ਹਾਂ ਦੱਸਿਆ ਕਿ ਇਸ ਪੋਸਟ ਦੇ ਸਾਹਮਣੇ ਪਾਕਿਸਤਾਨ ਦੀ ਦੋਦਾ ਪੋਸਟ ਪੈਂਦੀ ਹੈ ਅਤੇ ਇਹ ਡਰੋਨ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੀ ਆਈਬੀ ਨੂੰ ਪਾਰ ਕਰ ਕੇ ਭਾਰਤੀ ਖੇਤਰ ਵੱਲ ਪ੍ਰਵੇਸ਼ ਕਰ ਚੁੱਕਾ ਸੀ ਜਿਸ ਨੂੰ ਵੇਖਦਿਆਂ ਹੀ ਬੀਐਸਐਫ ਦੇ ਜਵਾਨਾਂ ਵੱਲੋਂ ਫਾਇਰਿੰਗ ਤੇ ਰੋਸ਼ਨੀ ਬੰਬ ਚਲਾਉਣ ਉਪਰੰਤ ਡ੍ਰੋਨ ਪਾਕਿਸਤਾਨ ਵਾਲੇ ਪਾਸੇ ਵਾਪਸ ਪਰਤ ਗਿਆ।
ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਇਸ ਉਪਰੰਤ ਬੀਐਸਐਫ ਵੱਲੋਂ ਸਬੰਧਤ ਖੇਤਰ ਵਿੱਚ ਸਰਚ ਅਭਿਆਨ ਕੀਤਾ ਤਾਂ ਪਾਕਿਸਤਾਨ ਤਸਕਰਾਂ ਵੱਲੋਂ ਡਰੋਨ ਰਾਹੀਂ ਭਾਰਤੀ ਖੇਤਰ ਵਿਚ ਪ੍ਰੀਮੀਅਰ ਨਿਗ੍ਹਾ ਪੈਕਿੰਗ ਕਰ ਕੇ ਖੇਤਾਂ ‘ਚ ਸੁੱਟੇ ਪੈਕੇਟ ‘ਤੇ ਪਈ। ਜਿਸ ਵਿਚੋਂ ਦੋ ਪਿਸਟਲ ਤੇ ਟਿਫਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੈਕੇਟ ਦੀ ਜਾਂਚ ਕੀਤੀ ਜਾਵੇਗੀ। ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਇਸ ਸਬੰਧੀ ਸਬੰਧਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਤੇ ਬੀਐਸਐਫ ਵੱਲੋਂ ਬਰੀਕੀ ਨਾਲ ਇਸ ਖੇਤਰ ਦੀ ਜਾਂਚ ਕੀਤੀ ਜਾ ਰਹੀ ਹੈ।