ਬਰਤਾਨਵੀ ਲੋਕ ਬੁੱਧਵਾਰ ਤੋਂ ਕਰ ਸਕਣਗੇ ਜਰਮਨੀ ਦੀ ਯਾਤਰਾ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਦੇ ਲੋਕ ਬੁੱਧਵਾਰ ਤੋਂ ਜਰਮਨੀ ਦੀ ਯਾਤਰਾ ਕਰ ਸਕਣਗੇ। ਜਰਮਨੀ ਵੱਲੋਂ ਇਸ ਸਬੰਧੀ ਘੋਸ਼ਣਾ ਕੀਤੀ ਗਈ ਹੈ ਕਿ ਬ੍ਰਿਟੇਨ ਤੋਂ ਜਰਮਨੀ ਦੀ ਯਾਤਰਾ ਕਰਨ ਵਾਲੇ ਲੋਕਾਂ ‘ਤੇ ਲੱਗੀਆਂ ਹੋਈਆਂ ਪਾਬੰਦੀਆਂ ਇਸ ਹਫਤੇ ਘੱਟ ਕੀਤੀਆਂ ਜਾਣਗੀਆਂ। ਉਹ ਬ੍ਰਿਟਿਸ਼ ਯਾਤਰੀ ਜਿਹਨਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾ ਲਈਆਂ ਹਨ ਬੁੱਧਵਾਰ ਤੋਂ ਬਿਨਾਂ ਇਕਾਂਤਵਾਸ ਦੇ ਇਸ ਯੂਰਪੀਅਨ ਦੇਸ਼ ਵਿੱਚ ਦਾਖਲ ਹੋ ਸਕਣਗੇ। ਉਹ ਲੋਕ ਜਿਹਨਾਂ ਦੇ ਵੈਕਸੀਨ ਨਹੀਂ ਲੱਗੀ ਹੋਵੇਗੀ, ਉਹਨਾਂ ਨੂੰ 10 ਦਿਨ ਇਕਾਂਤਵਾਸ ਹੋਣਾ ਪਵੇਗਾ। ਹਾਲਾਂਕਿ ਪੰਜ ਦਿਨਾਂ ਬਾਅਦ ਨੈਗੇਟਿਵ ਟੈਸਟ ਕਰਕੇ ਇਸ ਵਕਫੇ ਨੂੰ ਘਟਾਉਣ ਦੇ ਯੋਗ ਹੋਣਗੇ। ਜਰਮਨੀ ਇਸ ਸਮੇਂ ਯੂਕੇ ਦੀ ਅੰਬਰ ਸੂਚੀ ਵਿੱਚ ਹੈ, ਜਿਸ ਕਰਕੇ ਵਾਪਸੀ ਦੇ ਬਾਅਦ ਲੋਕਾਂ ਨੂੰ 10 ਦਿਨਾਂ ਲਈ ਇਕਾਂਤਵਾਸ ਹੋਣਾ ਪਵੇਗਾ।

ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਬ੍ਰਿਟੇਨ ਦੇ ਨਾਲ ਹੀ ਪੁਰਤਗਾਲ, ਰੂਸ, ਭਾਰਤ ਅਤੇ ਨੇਪਾਲ ਨੂੰ ਵੀ ਯਾਤਰਾ ਸਬੰਧੀ ਪਾਬੰਦੀਆਂ ‘ਚ ਢਿੱਲ ਦਿੱਤੀ ਹੈ।ਇਹਨਾਂ ਨਵੇਂ ਨਿਯਮਾਂ ਦੀ ਘੋਸ਼ਣਾ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਜਰਮਨ ਦੀ ਚਾਂਸਲਰ ਐਂਜੇਲਾ ਮਰਕੇਲ ਦੀ ਚੈਕਰਜ਼ ਵਿੱਚ ਮੁਲਾਕਾਤ ਤੋਂ ਕੁੱਝ ਦਿਨਾਂ ਬਾਅਦ ਕੀਤੀ ਗਈ ਹੈ।ਇਸਦੇ ਇਲਾਵਾ ਹਾਲੇ ਵੀ ਕਈ ਦੇਸ਼ ਜਰਮਨੀ ਦੀ ‘ਵਾਇਰਸ ਵੇਰੀਐਂਟ ਏਰੀਆ’ ਦੀ ਸੂਚੀ ਵਿੱਚ ਰਹਿਣਗੇ ਜਿਹਨਾਂ ਵਿੱਚ ਬੋਤਸਵਾਨਾ, ਬ੍ਰਾਜ਼ੀਲ, ਈਸਵਾਤਿਨੀ, ਲੇਸੋਥੋ, ਮਾਲਾਵੀ, ਮੋਜ਼ਾਮਬੀਕ, ਨਾਮੀਬੀਆ, ਜ਼ੈਂਬੀਆ, ਜ਼ਿੰਬਾਬਵੇ, ਦੱਖਣੀ ਅਫਰੀਕਾ ਅਤੇ ਉਰੂਗਵੇ ਆਦਿ ਸ਼ਾਮਿਲ ਹਨ।

Share This :

Leave a Reply