ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਜਰਮਨੀ ਵਿੱਚ ਸਥਿਤ ਬ੍ਰਿਟਿਸ਼ ਅੰਬੈਸੀ ਵਿੱਚ ਕੰਮ ਕਰਦੇ ਇੱਕ ਬਰਤਾਨਵੀ ਨਾਗਰਿਕ ਨੂੰ ਜਰਮਨੀ ‘ਚ ਅਧਿਕਾਰੀਆਂ ਵੱਲੋਂ ਰੂਸ ਲਈ ਜਾਸੂਸੀ ਕਰਨ ਦੇ ਸ਼ੱਕ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਰਮਨ ਵਕੀਲਾਂ ਨੇ ਦੱਸਿਆ ਕਿ ਇਸ ਵਿਅਕਤੀ ਦਾ ਨਾਮ ਡੇਵਿਡ ਐਸ ਹੈ ਅਤੇ ਇਹ ਬਰਲਿਨ ਵਿੱਚ ਬ੍ਰਿਟਿਸ਼ ਅੰਬੈਸੀ ਵਿੱਚ ਕੰਮ ਕਰਦਾ ਸੀ। ਇਸ ਵਿਅਕਤੀ ਨੇ ਰੂਸੀ ਖੁਫੀਆ ਏਜੰਸੀ ਨੂੰ ਘੱਟੋ ਘੱਟ ਇੱਕ ਵਾਰ ਦਸਤਾਵੇਜ਼ ਭੇਜੇ ਸਨ। ਡੇਵਿਡ ਨੂੰ ਮੰਗਲਵਾਰ ਨੂੰ ਬਰਲਿਨ ਦੇ ਬਾਹਰ ਪੋਟਸਡੈਮ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸਦੇ ਘਰ ਅਤੇ ਕੰਮ ਵਾਲੀ ਥਾਂ ਦੀ ਤਲਾਸ਼ੀ ਵੀ ਲਈ ਗਈ ਹੈ।
ਜਰਮਨ ਦੇ ਵਿਦੇਸ਼ ਮੰਤਰਾਲੇ ਦੁਆਰਾ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜਰਮਨ ਵਿਦੇਸ਼ ਮੰਤਰੀ ਹੇਇਕੋ ਮਾਸ ਅਨੁਸਾਰ ਜਰਮਨ ਦੀ ਧਰਤੀ ‘ਤੇ ਜਾਸੂਸੀ ਕਰਨਾ ਬਿਲਕੁਲ ਅਸਵੀਕਾਰਨਯੋਗ ਹੈ। ਇਹ ਗ੍ਰਿਫਤਾਰੀ ਯੂਕੇ-ਜਰਮਨ ਦੀ ਸਾਂਝੀ ਜਾਂਚ ਦਾ ਨਤੀਜਾ ਸੀ ਅਤੇ ਇਹ ਜਾਂਚ ਪਿਛਲੇ ਕੁੱਝ ਸਮੇਂ ਤੋਂ ਜਾਰੀ ਸੀ। ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਵੀ ਜਰਮਨੀ ਵਿੱਚ ਇਸ 57 ਸਾਲਾ ਬ੍ਰਿਟਿਸ਼ ਨਾਗਰਿਕ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਪੁਲਿਸ ਅਨੁਸਾਰ ਜਰਮਨ ਅਧਿਕਾਰੀ ਜਾਂਚ ਦੇ ਇੰਚਾਰਜ ਹਨ ਅਤੇ ਬ੍ਰਿਟਿਸ਼ ਅਧਿਕਾਰੀ ਜਰਮਨ ਹਮਰੁਤਬਾ ਅਧਿਕਾਰੀਆਂ ਦੇ ਨਾਲ ਕੰਮ ਕਰਨਾ ਜਾਰੀ ਰੱਖਣਗੇ। ਇਹ ਆਦਮੀ ਬੁੱਧਵਾਰ ਨੂੰ ਕਾਰਲਸਰੂਹੇ ਵਿੱਚ ਇੱਕ ਜਾਂਚ ਜੱਜ ਦੇ ਸਾਹਮਣੇ ਪੇਸ਼ ਹੋਇਆ, ਜਿੱਥੇ ਉਸਨੂੰ ਹੋਰ ਪੁੱਛਗਿੱਛ ਲਈ ਗ੍ਰਿਫਤਾਰੀ ਵਿੱਚ ਰੱਖਣ ਦਾ ਆਦੇਸ਼ ਦਿੱਤਾ ਗਿਆ।