ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਸਰਕਾਰ ਵੱਲੋਂ ਫਰਾਂਸ ਰਾਹੀਂ ਦਾਖਲ ਹੋਣ ਵਾਲੇ ਸ਼ਰਨਾਰਥੀਆਂ ਨੂੰ ਦੇਸ਼ ਵਿੱਚ ਨਾ ਆਉਣ ਦੇ ਸੰਦੇਸ਼ ਦੇਣ ਲਈ ਸ਼ੋਸ਼ਲ ਮੀਡੀਆ ਕੰਪਨੀਆਂ ਜਿਵੇਂ ਕਿ ਫੇਸਬੁੱਕ ‘ਤੇ ਇਸ਼ਤਿਹਾਰ ਦੇ ਕੇ ਹਜਾਰਾਂ ਪੌਂਡ ਖਰਚੇ ਹਨ। ਇਸ ਸਬੰਧੀ ਰਿਪੋਰਟਾਂ ਅਨੁਸਾਰ ਗ੍ਰਹਿ ਦਫਤਰ ਨੇ ਦਸੰਬਰ ਅਤੇ ਅਪ੍ਰੈਲ ਦੇ ਵਿਚਕਾਰ ਚੈਨਲ ਦੇ ਪਾਰ ਰਹਿ ਰਹੇ ਪ੍ਰਵਾਸੀਆਂ ਨੂੰ ਸੂਚਿਤ ਕਰਨ ਲਈ ਆਨਲਾਈਨ ਇਸ਼ਤਿਹਾਰਾਂ ਤੇ 23,000 ਤੋਂ ਵੱਧ ਪੌਂਡ ਖਰਚ ਕੀਤੇ ਹਨ। ਸ਼ੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਇਸ਼ਤਿਹਾਰਾਂ ਵਿੱਚ ਕਈ ਨਾਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ “ਕੋਈ ਲੁਕਣ ਦੀ ਜਗ੍ਹਾ ਨਹੀਂ ਹੈ”, “ਆਪਣੀ ਜਾਂ ਆਪਣੇ ਬੱਚੇ ਦੀ ਜਾਨ ਨੂੰ ਖਤਰੇ ਵਿੱਚ ਨਾ ਪਾਓ” ਅਤੇ “ਅਸੀਂ ਤੁਹਾਨੂੰ ਵਾਪਸ ਭੇਜ ਦੇਵਾਂਗੇ” ਆਦਿ ਨੂੰ ਕੁਰਦਿਸ਼, ਅਰਬੀ, ਫਾਰਸੀ ਅਤੇ ਪਸ਼ਤੋ ਵਿੱਚ ਅਨੁਵਾਦ ਵੀ ਕੀਤਾ ਗਿਆ।
ਪਰ ਸਰਕਾਰ ਦੁਆਰਾ ਕੀਤੇ ਇਹ ਸਾਰੇ ਹੀਲੇ ਇਸ ਸਾਲ ਯੂਕੇ ਪਹੁੰਚਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਨੂੰ ਘਟਾਉਣ ਵਿੱਚ ਬੇਅਸਰ ਰਹੇ ਹਨ। ਜਦਕਿ ਕਈ ਪ੍ਰਵਾਸੀ ਕਹਿੰਦੇ ਹਨ ਕਿ ਉਹਨਾਂ ਦੇ ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੇ ਇਰਾਦੇ ਪਹਿਲਾਂ ਨਾਲੋਂ ਵਧੇਰੇ ਦ੍ਰਿੜ ਹਨ। ਗ੍ਰਹਿ ਦਫਤਰ ਦੁਆਰਾ ਸ਼ੋਸ਼ਲ ਮੀਡੀਆ ਇਸ਼ਤਿਹਾਰਾਂ ਦੀ ਕੀਮਤ ਬਾਰੇ ਇਹ ਜਾਣਕਾਰੀ, ਇੱਕ ਪ੍ਰੈਸ ਐਸੋਸੀਏਸ਼ਨ ਦੁਆਰਾ ਦਿੱਤੀ ਗਈ ‘ਫਰੀਡਮ ਆਫ ਇਨਫਰਮੇਸ਼ਨ’ ਦੀ ਬੇਨਤੀ ਦੁਆਰਾ ਸਾਹਮਣੇ ਆਈ ਹੈ। ਹੋਮ ਆਫਿਸ ਅਨੁਸਾਰ ਮੌਜੂਦਾ ਸਮੇਂ ਲਗਭਗ 2,000 ਪ੍ਰਵਾਸੀ ਉੱਤਰੀ ਫਰਾਂਸ ਵਿੱਚ ਰਹਿ ਰਹੇ ਹਨ ਜੋ ਕਿ ਚੈਨਲ ਪਾਰ ਕਰਨ ਦੀ ਉਡੀਕ ਵਿੱਚ ਹਨ ਅਤੇ ਹਜਾਰਾਂ ਸ਼ਰਨਾਰਥੀ 2021 ਵਿੱਚ ਇੰਗਲਿਸ਼ ਚੈਨਲ ਪਾਰ ਕਰਕੇ ਯੂਕੇ ‘ਚ ਦਾਖਲ ਹੋ ਚੁੱਕੇ ਹਨ।