ਬ੍ਰਿਟੇਨ ਅਤੇ ਆਸਟਰੇਲੀਆ ਬ੍ਰੈਕਸਿਟ ਤੋਂ ਬਾਅਦ ਵਪਾਰ ਦੀਆਂ ਜਿਆਦਾਤਰ ਸ਼ਰਤਾਂ ‘ਤੇ ਹੋਏ ਸਹਿਮਤ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਅਤੇ ਆਸਟਰੇਲੀਆ ਨੇ ਸੋਮਵਾਰ ਨੂੰ ਬ੍ਰੈਕਸਿਟ ਤੋਂ ਬਾਅਦ ਦੇ ਵਪਾਰਿਕ ਸਮਝੌਤੇ ਦੀਆਂ ਵਿਆਪਕ ਸ਼ਰਤਾਂ ‘ਤੇ ਸਹਿਮਤੀ ਜਤਾਈ ਹੈ, ਜਿਹਨਾਂ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਉਸ ਦੇ ਆਸਟਰੇਲੀਆਈ ਹਮਰੁਤਬਾ ਸਕੌਟ ਮੌਰੀਸਨ ਨੇ ਡਾਉਨਿੰਗ ਸਟ੍ਰੀਟ ਵਿੱਚ ਰਾਤ ਦੇ ਖਾਣੇ ਤੋਂ ਬਾਅਦ ਇਸ ਸਮਝੌਤੇ ‘ਤੇ ਸਹਿਮਤੀ ਜਤਾਈ। ਡਾਉਨਿੰਗ ਸਟ੍ਰੀਟ ਅਨੁਸਾਰ ਜੇ ਇਸ ਦੀ ਪੁਸ਼ਟੀ ਹੋ ​​ਜਾਂਦੀ ਹੈ ਤਾਂ ਇਹ ਸਮਝੌਤਾ ਯੂਰਪੀਅਨ ਯੂਨੀਅਨ ਤੋਂ ਯੂਕੇ ਦੇ ਬਾਹਰ ਜਾਣ ਤੋਂ ਬਾਅਦ ਦਾ ਪਹਿਲਾ ਵਪਾਰਕ ਸਮਝੌਤਾ ਹੋਵੇਗਾ।

ਇਸ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਦੇ ਖੁਰਾਕ ਉਤਪਾਦਕਾਂ ਦੀ ਇੱਕ ਦੂਜੇ ਦੇ ਬਾਜ਼ਾਰਾਂ ਵਿੱਚ ਅਸਾਨ ਪਹੁੰਚ ਦੀ ਉਮੀਦ ਕੀਤੀ ਜਾਂਦੀ ਹੈ। ਬ੍ਰਿਟੇਨ ਦੀ ਸਰਕਾਰ ਅਨੁਸਾਰ ਟਰਾਂਸ-ਪੈਸੀਫਿਕ ਪਾਰਟਨਰਸ਼ਿਪ (ਸੀ ਪੀ ਟੀ ਪੀ ਪੀ) ਲਈ ਵਿਆਪਕ ਅਤੇ ਪ੍ਰਗਤੀਸ਼ੀਲ ਸਮਝੌਤੇ ਦੀ ਸਦੱਸਤਾ ਬ੍ਰਿਟਿਸ਼ ਕਿਸਾਨਾਂ ਨੂੰ ਵੱਡੇ ਮੌਕੇ ਪ੍ਰਦਾਨ ਕਰ ਸਕਦੀ ਹੈ। ਹਾਲਾਂਕਿ, ਯੂਕੇ ਦੁਆਰਾ ਆਪਣੇ ਭੋਜਨ ਦੇ ਮਿਆਰਾਂ ਸਬੰਧੀ ਸਮਝੌਤਾ ਕਰਨ ਬਾਰੇ ਖੇਤੀਬਾੜੀ ਭਾਈਚਾਰੇ ਵਿੱਚ ਵੀ ਚਿੰਤਾਵਾਂ ਪਾਈਆਂ ਜਾ ਰਹੀਆਂ ਹਨ ਕਿਉਂਕਿ ਆਸਟਰੇਲੀਆ ਦੇ ਕਿਸਾਨਾਂ ਨੂੰ ਹਾਰਮੋਨ ਵਾਧੇ ਦੇ ਕੁੱਝ ਪ੍ਰਮੋਟਰ, ਕੀਟਨਾਸ਼ਕਾਂ ਆਦਿ ਦੀ ਵਰਤੋਂ ਕਰਨ ਦੀ ਆਗਿਆ ਹੈ ਜੋ ਕਿ ਯੂਕੇ ਵਿੱਚ ਪਾਬੰਦੀਸ਼ੁਦਾ ਹਨ।

Share This :

Leave a Reply