ਕਾਲੇ ਕਾਨੂੰਨਾਂ ਅਸਰ ਹਰ ਘਰ ਦੇ ਚੁੱਲੇ ਤੱਕ ਪੁੱਜੇਗਾ – ਕਿਸਾਨ ਆਗੂ

ਖੰਨਾ (ਪਰਮਜੀਤ ਸਿੰਘ ਧੀਮਾਨ) – ਮੋਦੀ ਹਕੂਮਤ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਇਥੋਂ ਦੇ ਰੇਲਵੇ ਸਟੇਸ਼ਨ ਤੇ ਸ਼ਾਂਤਮਈ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਮੌਕੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਕੋਟ ਪਨੈਚ ਅਤੇ ਪ੍ਰਗਟ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਦਾ ਆਰਥਿਕ ਸ਼ੋਸ਼ਣ ਕਰਨ ਅਤੇ ਕਾਰਪੋਰੇਟ ਜਗਤ ਨੂੰ ਫਾਇਦਾ ਦੇਣ ਲਈ ਬਣਾਏ ਕਿਰਤ ਕਾਨੂੰਨਾਂ ਵਿਰੋਧ ਕਰਦਿਆਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਕਿਰਤ ਕਾਨੂੰਨਾਂ ਅਨੁਸਾਰ ਕੋਈ ਵੀ ਫ਼ੈਕਟਰੀ ਜਾਂ ਉਦਯੋਗਿਕ ਅਦਾਰਾ ਬਿਨ੍ਹਾਂ ਕਿਸੇ ਅਗਾਂਊ ਸੂਚਨਾ ਦੇ ਕਿਸੇ ਵੀ ਸਮੇਂ ਆਪਣੇ ਮੁਲਾਜ਼ਮਾਂ ਦੀ ਛਾਂਟੀ ਕਰ ਸਕਦਾ ਹੈ, ਜਿਸ ਨਾਲ ਅਣ ਐਲਾਨੀ ਬੇਰੁਜ਼ਗਾਰੀ ਵਿਚ ਵਾਧਾ ਹੋਵੇਗਾ।

ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਸਿਰਫ਼ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦੀ ਹੈ ਅਤੇ ਆਮ ਲੋਕਾਂ ਤੇ ਲਗਾਤਾਰ ਜ਼ੁਲਮ ਢਾਹੇ ਜਾ ਰਹੇ ਹਨ। ਕੇਂਦਰ ਸਰਕਾਰ ਪਹਿਲਾ ਕਿਸਾਨੀ ਦਾ ਲੱਕ ਤੋੜ ਕੇ ਹੁਣ ਮਜ਼ਦੂਰਾਂ ਨੂੰ ਆਰਥਿਕ ਪੱਖੋਂ ਮਾਰਨਾ ਚਾਹੁੰਦੀ ਹੈ। ਪਰ ਸਰਕਾਰ ਦੇ ਇਹ ਮਨਸੂਬੇ ਕਦੇ ਵੀ ਸਫ਼ਲ ਨਹੀਂ ਹੋਣਗੇ। ਉਪਰੋਕਤ ਆਗੂਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕਾਰਪੋਰੇਟ ਸਰਕਾਰ ਦੇ ਵਿਰੋਧ ਵਿਚ ਸੜਕਾਂ ਤੇ ਆਉਣ ਅਤੇ ਆਪਣੇ ਹੱਕਾਂ ਲਈ ਕਿਸਾਨਾਂ ਦਾ ਸਾਥ ਦੇਣ, ਕਿਉਂਕਿ ਇਨ੍ਹਾਂ ਕਾਲੇ ਕਾਨੂੰਨਾਂ ਦਾ ਅਸਰ ਹਰ ਘਰ ਦੇ ਚੁੱਲੇ ਤੱਕ ਪਹੁੰਚੇਗਾ, ਜਿਸ ਨਾਲ ਭੁੱਖਮਰੀ ਤੇ ਜਮ੍ਹਾਖੋਰੀ ’ਚ ਵਾਧਾ ਹੋਵੇਗਾ। ਇਸ ਮੌਕੇ ਸੁਖਦੇਵ ਸਿੰਘ, ਸੁਖਵੰਤ ਸਿੰਘ, ਪਰਮਜੀਤ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

Share This :

Leave a Reply