ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਸੋਮਵਾਰ ਦੀ ਮੀਟਿੰਗ ਮੁੜ ਮੁਲਤਵੀ ਕੀਤੇ ਜਾਣ ’ਤੇ ਸਖ਼ਤ ਇਤਰਾਜ ਪ੍ਰਗਟ ਕੀਤਾ ਹੈ। ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 3 ਜਨਵਰੀ ਨੂੰ ਹੋਣ ਵਾਲੀ ਮੀਟਿੰਗ 7 ਜਨਵਰੀ ਤਕ ਮੁਲਤਵੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 23 ਦਸੰਬਰ ਨੂੰ ਸੰਖੇਪ ਮੀਟਿੰਗ ਕਰਕੇ ਤਿੰਨ ਜਨਵਰੀ ਨੂੰ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਟਾਲਮਟੋਲ ਵਾਲੀ ਕਿਸਾਨ ਵਿਰੋਧੀ ਨੀਤੀ ਵਿਰੁੱਧ 15 ਜ਼ਿਲ੍ਹਿਆਂ ਵਿਚ 12 ਡਿਪਟੀ ਕਮਿਸ਼ਨਰਜ਼ ਅਤੇ ਤਿੰਨ ਐੱਸਡੀਐੱਮ ਦਫ਼ਤਰਾਂ ਦੇ ਘਿਰਾਓ ਅਣਮਿਥੇ ਸਮੇਂ ਲਈ ਵਧਾ ਦਿੱਤੇ ਗਏ ਹਨ। ਕੋਕਰੀ ਕਲਾਂ ਨੇ ਦੱਸਿਆ ਕਿ 23 ਦਸੰਬਰ ਦੀ ਸੰਖੇਪ ਮੀਟਿੰਗ ਵਿਚ ਫਸਲੀ ਖ਼ਰਾਬੇ ਅਤੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਸਮੇਤ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਤੇ ਨੌਕਰੀਆਂ ਦੇਣ ਵਰਗੀਆਂ ਛੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਵੀ ਲਗਾਤਾਰ ਟਾਲਮਟੋਲ ਕੀਤਾ ਜਾ ਰਿਹਾ ਹੈ। ਸਰਕਾਰ ਨੇ 28 ਅਤੇ 30 ਦਸੰਬਰ ਨੂੰ ਮੁੜ ਰੱਖੀਆਂ ਮੀਟਿੰਗਾਂ ਵੀ ਆਨੇ-ਬਹਾਨੇ ਟਾਲ ਦਿੱਤੀਆਂ ਗਈਆਂ। ਹੱਡ ਚੀਰਵੀਂ ਠੰਢ ਵਿੱਚ ਦਿਨੇ ਰਾਤ ਸੜਕਾਂ ’ਤੇ ਪਰਵਾਰਾਂ ਸਮੇਤ ਰੁਲਣ ਲਈ ਮਜਬੂਰ ਕੀਤੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨਾਲ ਅਜਿਹੇ ਅਣਮਨੁੱਖੀ ਗੈਰਜ਼ਿੰਮੇਵਾਰ ਵਤੀਰੇ ਨੇ ਹੀ ਜਥੇਬੰਦੀ ਨੂੰ ਦਫ਼ਤਰਾਂ ਦੇ ਘਿਰਾਓ ਵਰਗੇ ਸਖ਼ਤ ਫ਼ੈਸਲੇ ਲਈ ਮਜਬੂਰ ਕੀਤਾ ਹੈ।
ਕਿਸਾਨ ਆਗੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਵਿਰੁੱਧ ਰੋਸ ਵਜੋਂ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ 239 ਪਿੰਡਾਂ ਵਿਚ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਮੁਜ਼ਾਹਰਿਆਂ ਦੌਰਾਨ ਅਜੇ ਮਿਸ਼ਰਾ ਟੈਣੀ ਸਮੇਤ ਲਖੀਮਪੁਰ ਖੀਰੀ ਕਾਂਡ ਦੇ ਸਾਰੇ ਦੋਸ਼ੀਆਂ ਵਿਰੁੱਧ ਕਤਲ ਦਾ ਕੇਸ ਦਰਜ ਕਰਨ, ਐੱਮਐੱਸਪੀ ’ਤੇ ਸਾਰੀਆਂ ਫ਼ਸਲਾਂ ਦੀ ਖਰੀਦ ਦੀ ਕਾਨੂੰਨੀ ਗਰੰਟੀ ਕਰਨ, ਦਿੱਲੀ ਸਮੇਤ ਸਾਰੇ ਰਾਜਾਂ ਵਿੱਚ ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ਸਿਰ ਮੜ੍ਹੇ ਪੁਲਿਸ ਕੇਸ ਰੱਦ ਕਰਨ ਦੇ ਲਿਖਤੀ ਵਾਅਦੇ ਲਾਗੂ ਕਰਨ ਤੋਂ ਅਤੇ ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹੇ ਸਰਕਾਰੀ ਗੈਰਸਰਕਾਰੀ ਸਮੁੱਚੇ ਕਰਜ਼ੇ ਖ਼ਤਮ ਕਰਨ ਵਰਗੀਆਂ ਮੰਗਾਂ ਮੰਨਣ ’ਤੇ ਜ਼ੋਰ ਦਿੱਤਾ ਗਿਆ।
5 ਦੇ ਰੋਸ ਪ੍ਰਦਰਸ਼ਨਾਂ ’ਚ ਪੁੱਜਣ ਦੀ ਕੀਤੀ ਅਪੀਲ
ਅੱਜ ਦੇ ਇਕੱਠਾਂ ਨੂੰ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਜਸਵਿੰਦਰ ਸਿੰਘ ਲੌਂਗੋਵਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ ਕਮਲਜੀਤ ਕੌਰ ਬਰਨਾਲਾ, ਗੁਰਪ੍ਰੀਤ ਕੌਰ ਬਰਾਸ ਅਤੇ ਕੁਲਦੀਪ ਕੌਰ ਕੁੱਸਾ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਤੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਨੂੰ ਮੌਜੂਦਾ ਹੱਕੀ ਸੰਘਰਸ਼ ਦੇ ਨਾਲ ਹੀ 5 ਜਨਵਰੀ ਦੇ ਰੋਸ ਪ੍ਰਦਰਸ਼ਨਾਂ ਵਿੱਚ ਵੀ ਵਧ ਚੜ੍ਹ ਕੇ ਸ਼ਾਮਲ ਹੋਣ ਅਤੇ ਸਾਥ ਦੇਣ ਦੀ ਅਪੀਲ ਕੀਤੀ।