ਚੰਡੀਗੜ੍ਹ, ਮੀਡੀਆ ਬਿਊਰੋ:
ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ (ਪੀਐੱਲਸੀ) ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਗਠਜੋਡ਼ ਤੋਂ ਲੋਕ ਇਨਸਾਫ਼ ਪਾਰਟੀ (ਲਿਪ) ਆਊਟ ਹੋ ਗਈ ਹੈ। ਦੇਰ ਸ਼ਾਮ ਤਕ ਗਠਜੋਡ਼ ’ਚ ਲਿਪ ਦੇ ਬਣੇ ਰਹਿਣ ’ਤੇ ਮੰਥਨ ਚੱਲਦਾ ਰਿਹਾ ਪਰ ਸੀਟਾਂ ’ਤੇ ਆਖ਼ਰ ਗੱਲ ਨਹੀਂ ਬਣੀ। ਉੱਥੇ ਗਠਜੋਡ਼ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਤਸਵੀਰ ਸਾਫ਼ ਹੋਣ ਲੱਗੀ ਹੈ। ਭਾਰਤੀ ਜਨਤਾ ਪਾਰਟੀ 65, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ 39 ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 13 ਸੀਟਾਂ ’ਤੇ ਚੋਣ ਲਡ਼ੇਗੀ। ਸੀਟਾਂ ਦੀ ਵੰਡ ’ਤੇ ਆਖ਼ਰੀ ਮੋਹਰ ਸ਼ੁੱਕਰਵਾਰ ਨੂੰ ਭਾਜਪਾ ਦੀ ਹੋਣ ਵਾਲੀ ਪਾਰਲੀਮੈਂਟਰੀ ਕਮੇਟੀ ਦੀ ਬੈਠਕ ’ਚ ਲੱਗੇਗੀ। ਭਾਜਪਾ ਤੇ ਪੀਐੱਲਸੀ ਵਿਚਾਲੇ ਛੇ ਸੀਟਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਇਹ ਉਹ ਸੀਟਾਂ ਹਨ ਜਿੱਥੇ ਦੋਵੇਂ ਹੀ ਪਾਰਟੀਆਂ ਚੋਣ ਲਡ਼ਨਾ ਚਾਹੁੰਦੀਆਂ ਹਨ। ਇਸ ਦੇ ਲਈ ਭਾਜਪਾ ਸਰਵੇ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ।
ਭਾਜਪਾ ਪੰਜਾਬ ’ਚ ਗਠਜੋਡ਼ ’ਚ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਨੂੰ ਵੀ ਸ਼ਾਮਲ ਕਰਨਾ ਚਾਹੁੰਦੀ ਸੀ ਜਿਸ ਨੂੰ ਲੈ ਕੇ ਭਾਰੀ ਖਿੱਚੋਤਾਣ ਚੱਲਦੀ ਰਹੀ ਕਿਉਂਕਿ ਲੋਕ ਇਨਸਾਫ ਪਾਰਟੀ ਪਹਿਲਾਂ 9 ਤੇ ਬਾਅਦ ’ਚ 5 ਸੀਟਾਂ ਮੰਗ ਰਹੀ ਸੀ। ਹਾਲਾਂਕਿ ਭਾਜਪਾ ਲਿਪ ਨੂੰ ਤਿੰਨ ਸੀਟਾਂ ਦੇਣਾ ਚਾਹੁੰਦੀ ਸੀ ਕਿਉਂਕਿ ਲਿਪ ਦਾ ਆਧਾਰ ਲੁਧਿਆਣਾ ਦੀਆਂ ਦੋ ਹੀ ਸੀਟਾਂ ’ਤੇ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਲਿਪ ਨਾਲ ਗਠਜੋਡ਼ ਕਰਨ ਦੀ ਇੱਛਾ ਪਰਵਾਨ ਨਹੀਂ ਚਡ਼੍ਹ ਸਕੀ। ਉੱਧਰ, ਇਹ ਤੈਅ ਹੋ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 13 ਸੀਟਾਂ ’ਤੇ ਚੋਣ ਲਡ਼ੇਗੀ। ਉੱਥੇ, ਭਾਜਪਾ ਦਾ ਵੀ ਕਰੀਬ 65 ਸੀਟਾਂ ’ਤੇ ਚੋਣ ਲਡ਼ਨਾ ਤੈਅ ਹੈ ਜਦਕਿ ਪੀਐੱਲਸੀ ਦੇ ਖਾਤੇ ’ਚ 39 ਸੀਟਾਂ ਗਈਆਂ ਹਨ। ਹਾਲਾਂਕਿ ਇਸ ’ਚੋਂ ਪੰਜ ਤੋਂ ਛੇ ਅਜਿਹੀਆਂ ਸੀਟਾਂ ’ਤੇ ਪੇਚ ਹਾਲੇ ਵੀ ਫਸਿਆ ਹੋਇਆ ਹੈ ਜਿੱਥੇ ਦੋਵੇਂ ਪਾਰਟੀਆਂ ਚੋਣ ਲਡ਼ਨਾ ਚਾਹੁੰਦੀਆਂ ਹਨ। ਇਸ ਦੇ ਲਈ ਭਾਜਪਾ ਸਰਵੇ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਜੋ ਤਸਵੀਰ ਸਾਫ਼ ਹੋ ਜਾਵੇ ਕਿ ਉੱਥੇ ਕਿਸ ਪਾਰਟੀ ਦੇ ਉਮੀਦਵਾਰ ਨੂੰ ਫ਼ਾਇਦਾ ਮਿਲ ਸਕਦਾ ਹੈ। ਇਸ ਸਰਵੇ ਰਿਪੋਰਟ ਦੇ ਸ਼ੁੱਕਰਵਾਰ ਸਵੇਰ ਤਕ ਆਉਣ ਦੀ ਉਮੀਦ ਹੈ ਜਦਕਿ ਕੱਲ੍ਹ ਹੀ ਭਾਜਪਾ ਦੀ ਪਾਰਲੀਮੈਂਟਰੀ ਕਮੇਟੀ ਦੀ ਬੈਠਕ ਹੋ ਰਹੀ ਹੈ। ਇਸ ਬੈਠਕ ’ਚ ਹੀ ਗਠਜੋਡ਼ ਤੇ ਸੀਟਾਂ ਦੀ ਵੰਡ ਦੀ ਸਹੀ ਤਸਵੀਰ ਸਾਹਮਣੇ ਆਵੇਗੀ।
ਜਾਣਕਾਰੀ ਮੁਤਾਬਕ, ਭਾਜਪਾ ਸ਼ੁੱਕਰਵਾਰ ਨੂੰ ਹੀ ਆਪਣੇ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਸਕਦੀ ਹੈ। ਉੱਥੇ, ਕਾਂਗਰਸ ਪਾਰਟੀ ਵੀ ਭਾਜਪਾ ਦੀ ਟਿਕਟ ਵੰਡ ’ਤੇ ਨਜ਼ਰ ਰੱਖ ਰਹੀ ਹੈ ਕਿਉਂਕਿ ਇਹ ਪਹਿਲਾ ਮੌਕਾ ਹੈ ਜਦੋਂ ਭਾਜਪਾ 23 ਤੋਂ ਜ਼ਿਆਦਾ ਸੀਟਾਂ ’ਤੇ ਚੋਣ ਲਡ਼ਨ ਜਾ ਰਹੀ ਹੈ। ਭਾਜਪਾ ਨੇ ਜਿੱਥੇ ਕੱਲ੍ਹ ਪਾਰਲੀਮੈਂਟਰੀ ਕਮੇਟੀ ਦੀ ਬੈਠਕ ਬੁਲਾਈ ਹੋਈ ਹੈ, ਉੱਥੇ ਕਾਂਗਰਸ ਦੀ ਸੀਈਸੀ ਬੈਠਕ ਸ਼ਨਿਚਰਵਾਰ ਨੂੰ ਹੋਣ ਜਾ ਰਹੀ ਹੈ। ਕਾਂਗਰਸ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਚੁੱਕੀ ਹੈ ਜਿਸ ’ਚ ਉਸ ਨੇ ਸਿਰਫ਼ ਚਾਰ ਵਿਧਾਇਕਾਂ ਦੀ ਹੀ ਟਿਕਟ ਕੱਟੀ ਸੀ ਜਦਕਿ 31 ਉਮੀਦਵਾਰਾਂ ਦੀ ਸੂਚੀ ’ਚ ਅੱਧਾ ਦਰਜਨ ਵਿਧਾਇਕਾਂ ਦੀ ਟਿਕਟ ਕੱਟਣੀ ਪੱਕੀ ਦੱਸੀ ਜਾ ਰਹੀ ਹੈ।






















