ਗੱਡੀ ਦੀ ਵੀ ਭੰਨ-ਤੋੜ ਕੀਤੀ
ਬੰਗਾ, ਮੀਡੀਆ ਬਿਊਰੋ: ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਗੁਰਦੇਵ ਸਿੰਘ ਨਾਮਧਾਰੀ ‘ਤੇ ਸੋਮਵਾਰ ਸਵੇਰੇ ਹਮਲਾ ਹੋਇਆ। ਉਨ੍ਹਾਂ ਨੂੰ ਸਿਵਲ ਹਸਪਤਾਲ ਬੰਗਾ ‘ਚ ਦਾਖਿਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੱਸਿਆ ਕਿ ਰੋਜ਼ਾਨਾ ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਮਾਰਕ ‘ਤੇ ਜਾ ਕੇ ਇਸ਼ਨਾਨ ਧੂਪ ਬੱਤੀ ਤੇ ਸੇਵਾ ਕਰਦੇ ਹਨ। ਰੋਜ਼ ਵਾਂਗ ਜਦੋਂ ਅੱਜ ਸਵੇਰੇ ਗੱਡੀ ਲੈ ਕੇ ਉੱਥੇ ਪੁੱਜੇ ਤਾਂ ਪਹਿਲਾਂ ਤੋਂ ਉੱਥੇ ਖੜ੍ਹੇ ਮੋਟਰਸਾਈਕਲ ਸਵਾਰ 4 ਨੌਜਵਾਨਾਂ ਨੇ ਗੱਡੀ ‘ਚੋਂ ਉਤਰਦੇ ਸਾਰ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਚਾਰਾਂ ਨੌਜਵਾਨਾਂ ਦੇ ਮੂੰਹ ਬੱਝੇ ਹੋਏ ਸਨ।
ਉਨ੍ਹਾਂ ਭੱਜ ਕੇ ਆਪਣੀ ਜਾਨ ਬਚਾਉਣ ਲਈ ਮਿਊਜ਼ੀਅਮ ਵੱਲ ਚਲੇ ਗਏ ਤੇ ਆਪਣੇ ਉੱਤੇ ਹੋਏ ਹਮਲੇ ਬਾਰੇ ਡਿਊਟੀ ਮੁਲਾਜ਼ਮ ਨੂੰ ਦੱਸਿਆ। ਜਦੋ ਉਹ ਵਾਪਸ ਬਾਹਰ ਆਏ ਉਦੋਂ ਤੱਕ ਹਮਲਾਵਰ ਓਥੋਂ ਫਰਾਰ ਹੋ ਚੁੱਕੇ ਸਨ, ਜਿਨ੍ਹਾਂ ਵਲੋਂ ਗੱਡੀ ਦੀ ਭੰਨ ਤੋੜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ। ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਇਲਾਕੇ ਦਾ ਕੰਮ ਕਰਨਾ ਚਾਹੁੰਦੇ ਹਨ। ਪੁਲਿਸ ਵੱਲੋਂ ਗੁਰਦੇਵ ਸਿੰਘ ਨਾਮਧਾਰੀ ਦੇ ਬਿਆਨ ਦਰਜ ਕਰ ਲਏ ਹਨ। ਇਸ ਮੌਕੇ ਸਿਵਲ ਹਸਪਤਾਲ ਬੰਗਾ ਵਿਖੇ ਸਾਬਕਾ ਵਿਧਾਇਕ ਅਤੇ ਭਾਜਪਾ ਉਮੀਦਵਾਰ ਚੌਧਰੀ ਮੋਹਣ ਲਾਲ ਬੰਗਾ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਨਾਮਧਾਰੀ ਨੂੰ ਸੁਰੱਖਿਆ ਦਿੱਤੀ ਜਾਵੇ।