ਬਾਹਰ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਭੰਨੇ
ਜਲੰਧਰ, ਮੀਡੀਆ ਬਿਊਰੋ: ਪੰਜਾਬ ਸਰਕਾਰ ਚ ਸੰਸਦੀ ਸਕੱਤਰ ਰਹਿ ਚੁੱਕੇ ਕੇ ਡੀ ਭੰਡਾਰੀ ਨੂੰ ਭਾਜਪਾ ਵੱਲੋਂ ਦੁਬਾਰਾ ਜਲੰਧਰ ਉੱਤਰੀ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਜਿਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੀ ਸੇਠ ਹੁਕਮ ਚੰਦ ਕਾਲੋਨੀ ‘ਚ ਘਰ ਦੇ ਬਾਹਰ ਖੜ੍ਹੀਆਂ ਦੋ ਕਾਰਾਂ ਦੇ ਇਕ ਨੌਜਵਾਨ ਵੱਲੋਂ ਸ਼ੀਸ਼ੇ ਭੰਨਣ ਉਪਰੰਤ ਉਨ੍ਹਾਂ ਦੀ ਰਿਹਾਇਸ਼ ਤੇ ਵੀ ਪੱਥਰਾਂ ਨਾਲ ਹਮਲਾ ਕੀਤਾ ਜਿਸ ਕਾਰਨ ਉਨ੍ਹਾਂ ਦੀ ਕੋਠੀ ‘ਤੇ ਲੱਗੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।ਇਸ ਸੰਬੰਧੀ ਭਾਜਪਾ ਉਮੀਦਵਾਰ ਦੀ ਨੂੰਹ ਨੇ ਦੱਸਿਆ ਕਿ ਉਹ ਕੁਝ ਔਰਤਾਂ ਨਾਲ ਆਪਣੇ ਘਰ ਵਿਚ ਮੀਟਿੰਗ ਕਰ ਰਹੀ ਸੀ ਤਾਂ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਜਦ ਉਨ੍ਹਾਂ ਵੱਲੋਂ ਬਾਹਰ ਨਿਕਲ ਕੇ ਦੇਖਿਆ ਤਾਂ ਇਕ ਨੌਜਵਾਨ ਦੌੜ ਰਿਹਾ ਸੀ ਜਿਨ੍ਹਾਂ ਨੂੰ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਕਾਬੂ ਕਰ ਲਿਆ ਜਿਸ ਉਪਰੰਤ ਉਨ੍ਹਾਂ ਵੱਲੋਂ ਥਾਣੇ ਦੀ ਪੁਲਿਸ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ।
ਕੇਡੀ ਭੰਡਾਰੀ ਦੇ ਨਿੱਜੀ ਸਹਾਇਕ ਨੇ ਦੋਸ਼ ਲਾਏ ਉਨ੍ਹਾਂ ਵੱਲੋਂ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਦੋ ਘੰਟੇ ਤੱਕ ਸਬੰਧਤ ਥਾਣੇ ਦੇ ਥਾਣਾ ਮੁਖੀ ਵੱਲੋਂ ਉਨ੍ਹਾਂ ਦੀ ਰਿਹਾਇਸ਼ ‘ਤੇ ਪੁੱਜਣ ਦੀ ਜ਼ਰੂਰਤ ਨਹੀਂ ਸਮਝੀ।ਜਿਸ ਉਪਰੰਤ ਉਨ੍ਹਾਂ ਵੱਲੋਂ ਪੁਲਿਸ ਸਹਾਇਤਾ ਕੇਂਦਰ ਤੇ ਸੂਚਨਾ ਦੇਣ ਉਪਰੰਤ ਹਲਕਾ ਉੱਤਰੀ ਦੇ ਏਸੀਪੀ ਮੌਕੇ ‘ਤੇ ਪੁੱਜੇ ਜਿਨ੍ਹਾਂ ਵੱਲੋਂ ਪੀਸੀਆਰ ਟੀਮ ਨੂੰ ਬੁਲਾ ਕੇ ਲੋਕਾਂ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਨੂੰ ਉਨ੍ਹਾਂ ਦੇ ਹਵਾਲੇ ਕੀਤਾ। ਇਲਾਕੇ ਵਿੱਚ ਇਸ ਨੂੰ ਵਿਰੋਧੀਆਂ ਪਾਰਟੀਆਂ ਵੱਲੋਂ ਹਮਲਾ ਕਰਵਾਏ ਜਾਣ ਦੀ ਚਰਚਾ ਜ਼ੋਰਾਂ ਤੇ ਚੱਲ ਰਹੀ ਹੈ।ਇਸ ਸਬੰਧੀ ਹਲਕਾ ਉੱਤਰੀ ਦੇ ਭਾਜਪਾ ਉਮੀਦਵਾਰ ਕੇ ਡੀ ਭੰਡਾਰੀ ਦਾ ਕਹਿਣਾ ਹੈ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਮਿਲ ਰਹੇ ਲੋਕਾਂ ਦੇ ਭਰਪੂਰ ਸਹਿਯੋਗ ਨੂੰ ਵਿਰੋਧੀਆਂ ਵੱਲੋਂ ਬਰਦਾਸ਼ਤ ਨਹੀਂ ਹੋ ਰਿਹਾ ਸ਼ਾਇਦ ਇਸੇ ਤਹਿਤ ਹੀ ਕਿਸੇ ਵੱਲੋਂ ਹਮਲਾ ਕਰਵਾਇਆ ਗਿਆ ਹੈ।ਥਾਣਾ ਡਿਵੀਜ਼ਨ 1 ਦੀ ਪੁਲੀਸ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।