ਪਟਿਆਲਾ, ਮੀਡੀਆ ਬਿਊਰੋ:
6,000 ਕਰੋੜ ਰੁਪਏ ਦੇ ਡਰੱਗ ਰੈਕੇਟ ਮਾਮਲੇ ਵਿੱਚ ਫਸੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਨੀਵਾਰ ਨੂੰ ਕਿਸੇ ਨਾਲ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ। ਮਜੀਠੀਆ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਮਜੀਠੀਆ ਨੇ ਜੇਲ੍ਹ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੇ ਅਤੇ ਜਦੋਂ ਉਹ ਮਿਲਣਾ ਚਾਹੁਣਗੇ ਤਾਂ ਸਟਾਫ ਨੂੰ ਸੂਚਿਤ ਕਰਨਗੇ। ਸਾਬਕਾ ਮੰਤਰੀ ਨੇ ਸ਼ਨੀਵਾਰ ਸਵੇਰੇ ਪੱਗ ਨਹੀਂ ਬੰਨ੍ਹੀ, ਪਰ ਕੁੜਤੇ-ਪਜਾਮੇ ਨਾਲ ਪਰਨਾ ਬੰਨ੍ਹ ਕੇ ਲੰਗਰ ਛਕਿਆ। ਇਸ ਦੌਰਾਨ ਉਹ ਪਾਠ ਕਰਦੇ ਵੀ ਨਜ਼ਰ ਆਏ।
ਦੱਸ ਦੇਈਏ ਕਿ ਅਦਾਲਤ ਨੇ ਆਪਣੇ ਨਿਰਦੇਸ਼ਾਂ ਵਿੱਚ ਕਿਹਾ ਸੀ ਕਿ ਮਜੀਠੀਆ ਇੱਕ ਪਾਵਰਫੁੱਲ ਲੀਡਰ ਹੈ। ਜੇਕਰ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਬਹਿਸ ਦੌਰਾਨ ਮਜੀਠੀਆ ਦੇ ਵਕੀਲ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਨੂੰ ਕੇਸ ਦੀ ਸੁਣਵਾਈ ਦੌਰਾਨ ਦੇਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਮਜੀਠੀਆ ਨੇ ਜ਼ਿਲਾ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 8 ਮਾਰਚ ਤਕ ਪਟਿਆਲਾ ਜੇਲ ਭੇਜ ਦਿੱਤਾ ਗਿਆ ਹੈ।
ਸੁਰੱਖਿਆ ਲਈ ਵੱਖਰੀ ਬੈਰਕ ਵਿੱਚ ਰੱਖਿਆ ਗਿਆ ਹੈ
ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਬਿਕਰਮ ਮਜੀਠੀਆ ਨੂੰ ਅਖ਼ਬਾਰ ਆਦਿ ਮੁਹੱਈਆ ਕਰਵਾਏ ਗਏ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਲਈ ਵੱਖਰੀ ਬੈਰਕ ਵਿੱਚ ਰੱਖਿਆ ਗਿਆ ਹੈ, ਜਿੱਥੇ ਹੋਰ ਕੋਈ ਕੈਦੀ ਨਹੀਂ ਹਨ। ਫਿਲਹਾਲ ਮਜੀਠੀਆ ਦੀ ਬੈਰਕ ‘ਚ ਟੈਲੀਵਿਜ਼ਨ ਨਹੀਂ ਹੈ। ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਜੇਕਰ ਮਜੀਠੀਆ ਇਸ ਸਬੰਧੀ ਕੋਈ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਟੈਲੀਵਿਜ਼ਨ ਵੀ ਮੁਹੱਈਆ ਕਰਵਾਇਆ ਜਾਵੇਗਾ।
ਸਿੱਧੂ ਦੇ ਨਿਸ਼ਾਨੇ ‘ਤੇ ਹੈ ਮਜੀਠੀਆ
ਨਵਜੋਤ ਸਿੰਘ ਸਿੱਧੂ ਪਿਛਲੇ ਕਈ ਸਾਲਾਂ ਤੋਂ ਨਸ਼ਾ ਤਸਕਰੀ ਨੂੰ ਲੈ ਕੇ ਅਕਾਲੀ ਦਲ ਖਾਸ ਕਰਕੇ ਬਿਕਰਮ ਸਿੰਘ ਮਜੀਠੀਆ ‘ਤੇ ਨਿਸ਼ਾਨਾ ਸਾਧ ਰਹੇ ਹਨ। ਪੰਜਾਬ ਵਿਧਾਨ ਸਭਾ ‘ਚ ਵੀ ਦੋਹਾਂ ਨੇਤਾਵਾਂ ਵਿਚਾਲੇ ਕਾਫੀ ਤੂ-ਤੂੰ ਮੈਂ-ਮੈਂ ਹੋ ਚੁੱਕੀ ਹੈ। ਦੋਵੇਂ ਨੇਤਾ ਜਨਤਕ ਤੌਰ ‘ਤੇ ਇਕ-ਦੂਜੇ ‘ਤੇ ਹਮਲੇ ਕਰਨ ਤੋਂ ਪਿੱਛੇ ਨਹੀਂ ਹਟਦੇ।