ਮੁਕਤਸਰ ’ਚ ਵੱਡਾ ਸਿਆਸੀ ਫੇਰ ਬਦਲ : ਸਾਬਕਾ ਵਿਧਾਇਕ ਭਾਈ ਕੁੱਕੂ ਤੇ ਮਨਪ੍ਰੀਤ ਬਾਦਲ ਦੇ ਮਾਮੇ ਦਾ ਪੁੱਤ ਹਨੀ ਫੱਤਣਵਾਲਾ ਕਾਂਗਰਸ ਛੱਡ ਅਕਾਲੀ ਦਲ ’ਚ ਸ਼ਾਮਲ

ਸ੍ਰੀ ਮੁਕਤਸਰ ਸਾਹਿਬ, ਮੀਡੀਆ ਬਿਊਰੋ:

ਹਲਕਾ ਸ੍ਰੀ ਮੁਕਤਸਰ ਸਾਹਿਬ ਦੀ ਸਿਆਸਤ ’ਚ ਵੱਡਾ ਫੇਰ ਬਦਲ ਹੋਇਆ। ਅੱਜ ਇੱਥੇ ਪੁੱਜੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਕਾਂਗਰਸ ਪਾਰਟੀ ਦੇ ਦੋ ਨੇਤਾ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਮਾਮੇ ਦਾ ਪੁੱਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਰਹੇ ਜਗਜੀਤ ਸਿੰਘ ਹਨੀ ਫੱਤਣਵਾਲਾ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਸ਼ੋ੍ਮਣੀ ਅਕਾਲੀ ’ਚ ਸ਼ਾਮਲ ਹੋ ਗਏ। ਸੁਖਬੀਰ ਬਾਦਲ ਨੇ ਦੋਵਾਂ ਨੇਤਾਵਾਂ ਸਮੇਤ ਭਾਈ ਰਾਹੁਲ ਸਿੱਧੂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਭਾਈ ਪਰਿਵਾਰ ਨਾਲ ਸਾਡਾ ਪਰਿਵਾਰਿਕ ਸਬੰਧ ਹੈ। ਉਨ੍ਹਾਂ ਕਿਹਾ ਕਿ ਸ਼ਾਮਲ ਹੋਏ ਦੋਵੇਂ ਆਗੂਆਂ ਨੂੰ ਪਾਰਟੀ ’ਚ ਬਣਦਾ ਸਨਮਾਨ ਦਿੱਤਾ ਜਾਵੇਗਾ।

ਇਸ ਦੌਰਾਨ ਕਾਂਗਰਸ ਪਾਰਟੀ ’ਤੇ ਤਿੱਖੇ ਵਾਰ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਠੋਕੇ ਤਾਲੀ ਵਾਲੇ ਪ੍ਰਧਾਨ ਦੀ ਵੀ ਇਸ ਵਾਰ ਤਾਲੀ ਠੋਕੀ ਜਾਣੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਤੀਲਾ ਤੀਲਾ ਖਿਲਰ ਜਾਵੇਗਾ ਤੇ ਪੰਜਾਬ’ਚ ਸਿਰਫ 10 ਸੀਟਾਂ ’ਤੇ ਹੀ ’ਚ ਸਿਮਟ ਕੇ ਰਹਿ ਜਾਵੇਗੀ। ਇਸ ਦੌਰਾਨ ਗੱਲਬਾਤ ਕਰਦਿਆਂ ਭਾਈ ਰਾਹੁਲ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ 5 ਸਾਲ ਲਗਾਤਾਰ ਕਾਂਗਰਸ ਪਾਰਟੀ ਦੀ ਸੇਵਾ ਕੀਤੀ, ਪਰ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਦੇ ਕੀਤੇ ਕੰਮਾਂ ਦਾ ਮੁੱਲ ਨਹੀਂ ਪਾਇਆ।

ਉਨ੍ਹਾਂ ਇਹ ਵੀ ਕਿਹਾ ਕਿ ਜੋ ਪਾਰਟੀ ਆਪਣੇ ਵਰਕਰਾਂ ਦੀ ਨਹੀਂ ਹੋ ਸਕੀ ਉਨ੍ਹਾਂ ਲੋਕਾਂ ਦੀ ਕੀ ਹੋਵੇਗੀ? ਓਧਰ ਮਨਜੀਤ ਸਿੰਘ ਬਰਾੜ ਫੱਤਣਵਾਲਾ ਅਤੇ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਕਿਹਾ ਕਿ ਉਨ੍ਹਾਂ ਨੇ ਮੁਦਤਾਂ ਬਾਅਦ ਅੱਜ ਆਪਣੇ ਘਰ ਵਾਪਸੀ ਕੀਤੀ ਹੈ। ਹਨੀ ਫੱਤਣਵਾਲਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ’ਚ ਰਹਿ ਕੇ ਉਨ੍ਹਾਂ ਦਾ ਦਮ ਘੁੱਟ ਰਿਹਾ ਸੀ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਪਾਰਟੀ ’ਚ ਸ਼ਾਮਿਲ ਹੋਣ ਮੇਰੇ ਬਜ਼ੁਰਗਾਂ ਨੂੰ ਸੱਚੀ ਸ਼ਰਧਾਜ਼ਲੀ ਹੈ। ਇਸ ਮੌਕੇ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਸ਼ੋ੍ਮਣੀ ਅਕਾਲੀ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਮਨਜਿੰਦਰ ਸਿੰਘ ਬਿੱਟੂ ਸਮੇਤ ਅਨੇਕਾਂ ਆਗੂ ਤੇ ਵਰਕਰ ਹਾਜ਼ਰ ਸਨ।

Share This :

Leave a Reply