ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਕੋਵਿਡ ਮਹਾਮਾਰੀ ਮਾਮਲੇ ਵਿਚ ਅਮਰੀਕਾ ਸਹੀ ਦਿਸ਼ਾ ਵੱਲ ਵਧ ਰਿਹਾ ਹੈ ਪਰੰਤੂ ਰਹਿੰਦੇ 6.60 ਕਰੋੜ ਲੋਕਾਂ ਲਈ ਕੋਵਿਡ-19 ਵੈਕਸੀਨ ਲਵਾਉਣੀ ਜਰੂਰੀ ਹੈ। ਵਾਇਟ ਹਾਊਸ ਵਿਚ ਕੋਵਿਡ ਮਹਾਮਾਰੀ ਬਾਰੇ ਗੱਲ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਵੈਕਸੀਨ ਬਹੁਤ ਕਾਰਗਰ ਹੈ ਤੇੇ ਇਹ ਵੈਕਸੀਨ ਦਾ ਹੀ ਸਿੱਟਾ ਹੈ ਕਿ ਦੇਸ਼ ਭਰ ਵਿਚ ਕੋਵਿਡ-19 ਦੇ ਮਾਮਲੇ ਘਟੇ ਹਨ ਤੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਘਟੀ ਹੈ। ਉਨਾਂ ਕਿਹਾ ਕਿ ”ਇਹ ਪ੍ਰਗਤੀ ਅਹਿਮ ਹੈ ਪਰੰਤੂ ਕਾਫੀ ਨਹੀਂ ਹੈ। ਹੁਣ ਸਮਾਂ ਅਵੇਸਲੇ ਹੋਣ ਦਾ ਨਹੀਂ ਹੈ। ਸਾਨੂੰ ਬਹੁਤ ਕੁਝ ਕਰਨਾ ਪਵੇਗਾ। ਕੋਵਿਡ ਮਾਮਲੇ ਵਿਚ ਅਸੀਂ ਅਹਿਮ ਪੜਾਅ ਵਿਚ ਪੁੱਜ ਗਏ ਹਾਂ ਜਿਥੇ ਸਾਨੂੰ ਵਧੇਰੇ ਚੌਕਸੀ ਦੀ ਲੋੜ ਹੈ।”
ਬਾਈਡਨ ਨੇ ਕਿਹਾ ਕਿ ਸਾਨੂੰ ਅਗੇ ਵਧਣਾ ਪਵੇਗਾ ਤੇ ਰਹਿੰਦੇ ਅਮਰੀਕੀਆਂ ਨੂੰ ਵੈਕਸੀਨ ਲਵਾਉਣੀ ਪਵੇਗੀ। ਰਾਸ਼ਟਰਪਤੀ ਨੇ ਕਿਹਾ ਕਿ ਉਸ ਦਾ ਪ੍ਰਸ਼ਾਸਨ ਵੈਕਸੀਨ ਬਾਰੇ ਫੈਲਾਈ ਜਾ ਰਹੀ ਗਲਤ ਜਾਣਕਾਰੀ ਵਿਰੁੱਧ ਨਿਰੰਤਰ ਲੜਾਈ ਲੜ ਰਿਹਾ ਹੈ ਤੇ ਅਮਰੀਕੀਆਂ ਨੂੰ ਵੈਕਸੀਨ ਦੀ ਸੁਰੱਖਿਆ ਤੇ ਕਾਰਗਰਤਾ ਬਾਰੇ ਸਹੀ ਤੇ ਠੋਸ ਜਾਣਕਾਰੀ ਦੇ ਰਿਹਾ ਹੈ। ਬਾਈਡਨ ਨੇ ਜੋਰ ਦੇ ਕੇ ਕਿਹਾ ਕਿ ਸਕੂਲਾਂ ਨੂੰ ਸੁਰੱਖਿਅਤ ਢੰਗ ਨਾਲ ਖੋਲਣ ਦੀ ਲੋੜ ਹੈ ਜਿਸ ਵਾਸਤੇ ਕੋਵਿਡ ਟੀਕਾਕਰਣ ਜਰੂਰੀ ਹੈ। ਉਨਾਂ ਕਿਹਾ ਕਿ ਫਾਈਜ਼ਰ ਤੇ ਬਾਇਓਨਟੈਕ ਨੇ 5 ਤੋਂ 11 ਸਾਲਾਂ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨ ਬਾਰੇ ਅੰਕੜੇ ਸ਼ੁਰੂਆਤੀ ਜਾਂਚ ਲਈ ਐਫ ਡੀ ਏ (ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ) ਨੂੰ ਦੇ ਦਿੱਤੇ ਹਨ। ਪ੍ਰਵਾਨਗੀ ਮਿਲਣ ਉਪਰੰਤ ਅਸੀਂ ਬੱਚਿਆਂ ਦੇ ਟੀਕਾਕਰਣ ਲਈ ਤਿਆਰ ਹਾਂ। ਅਸੀਂ ਦੇਸ਼ ਭਰ ਦੇ 5 ਤੋਂ 11 ਸਾਲਾਂ ਦੇ ਬੱਚਿਆਂ ਲਈ ਲੋੜੀਂਦੀ ਵੈਕਸੀਨ ਖਰੀਦ ਲਈ ਹੈ ਤੇ ਮਾਪੇ ਆਪਣੇ ਮੰਨਪਸੰਦ ਤੇ ਭਰੋਸੇ ਵਾਲ ਸਥਾਨ ‘ਤੇ ਆਪਣੇ ਬੱਚਿਆਂ ਨੂੰ ਵੈਕਸੀਨ ਲਵਾ ਸਕਣਗੇ।
ਬਾਈਡਨ ਨੇ ਕਿਹਾ ਕਿ ਬੱਚਿਆਂ ਦੇ ਟੀਕਾਕਰਣ ਉਪਰੰਤ ਉਨਾਂ ਦੇ ਮਾਪੇ ਗੂੜੀ ਨੀਂਦ ਸੌਂ ਸਕਣਗੇ ਕਿਉਂਕਿ ਉਹ ਸਮਝ ਜਾਣਗੇ ਕਿ ਹੁਣ ਉਨਾਂ ਦੇ ਬੱਚੇ ਸੁਰੱਖਿਅਤ ਹਨ। ਯੂ ਐਸ ਸੈਂਟਰ ਫਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਅਨੁਸਾਰ ਤਕਰੀਬਨ 18.80 ਕਰੋੜ ਅਮਰੀਕੀ ਆਬਾਦੀ ਦਾ ਮੁਕੰਮਲ ਟੀਕਾਕਰਣ ਹੋ ਚੁੱਕਾ ਹੈ ਜੋ ਕੁਲ ਯੋਗ ਆਬਾਦੀ ਦਾ 66.2% ਹੈ ਤੇ ਤਕਰੀਬਨ 6.60 ਕਰੋੜ ਅਮਰੀਕੀਆਂ ਨੇ ਅਜੇ ਤੱਕ ਵੈਕਸੀਨ ਨਹੀਂ ਲਵਾਈ ਜੋ ਕੁਲ ਯੋਗ ਆਬਾਦੀ ਦਾ 23.3% ਹਿੱਸਾ ਬਣਦਾ ਹੈ। ਰਾਸ਼ਟਰਪਤੀ ਪਹਿਲਾਂ ਵੀ ਕਈ ਮੌਕਿਆਂ ਉਪਰ ਕਹਿ ਚੁੱਕੇ ਹਨ ਕਿ ਕਰੋੜਾਂ ਅਮਰੀਕੀ ਜਿਨਾਂ ਨੇ ਕੋਵਿਡ-19 ਟੀਕਾ ਨਹੀਂ ਲਗਵਾਇਆ, ਵਾਇਰਸ ਨੂੰ ਅੱਗੇ ਫੈਲਾਅ ਰਹੇ ਹਨ। ਪਿਛਲੇ ਮਹੀਨੇ ਰਾਸ਼ਟਰਪਤੀ ਨੇ ਸੰਘੀ ਵਰਕਰਾਂ ਤੇ ਹੋਰ ਮੁਲਾਜ਼ਮਾਂ ਦੇ ਟੀਕਾਕਰਣ ਲਈ ਸਖਤ ਨਵੇਂ ਨਿਯਮ ਜਾਰੀ ਕੀਤੇ ਸਨ। ਇਹ ਨਵੇਂ ਨਿਯਮ 10 ਕਰੋੜ ਅਮਰੀਕਨਾਂ ਉਪਰ ਲਾਗੂ ਹੁੰਦੇ ਹਨ ਜੋ ਕੁਲ ਅਮਰੀਕੀ ਕਾਮਿਆਂ ਦਾ ਦੋ ਤਿਹਾਈ ਹਿੱਸਾ ਬਣਦਾ ਹੈ।