ਵਾਸ਼ਿੰਗਟਨ (ਮੀਡੀਆ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਾਹ ‘ਤੇ ਚੱਲਦੇ ਹੋਏ ਚੀਨੀ ਸਰਵਿਲਾਂਸ ਕੰਪਨੀਆਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਇਆ ਹੈ। ਉਨ੍ਹਾਂ ਚੀਨੀ ਫ਼ੌਜ ਨਾਲ ਸਬੰਧ ਰੱਖਣ ਵਾਲੀਆਂ ਇਨ੍ਹਾਂ ਕੰਪਨੀਆਂ ‘ਤੇ ਟਰੰਪ ਸ਼ਾਸਨ ਦੌਰਾਨ ਲੱਗੀਆਂ ਪਾਬੰਦੀਆਂ ਵਧਾ ਦਿੱਤੀਆਂ ਹਨ। ਉਨ੍ਹਾਂ ਇਸ ਸਬੰਧ ‘ਚ ਇਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕੀਤੇ ਹਨ। ਇਸ ਨਾਲ ਪਾਬੰਦੀ ਦੇ ਘੇਰੇ ‘ਚ ਆਈਆਂ ਚੀਨੀ ਕੰਪਨੀਆਂ ਦੀ ਗਿਣਤੀ 48 ਤੋਂ ਵੱਧ ਕੇ 59 ਹੋ ਗਈ ਹੈ। ਇਨ੍ਹਾਂ ਕੰਪਨੀਆਂ ‘ਚ ਅਮਰੀਕੀਆਂ ਵੱਲੋਂ ਨਿਵੇਸ਼ ਅਤੇ ਕਾਰੋਬਾਰ ਕਰਨ ‘ਤੇ ਰੋਕ ਰਹੇਗੀ।
ਬਾਇਡਨ ਦੇ ਇਸ ਕਦਮ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਉਹ ਅਮਰੀਕਾ ‘ਚ ਕੰਮ ਕਰਨ ਵਾਲੀਆਂ ਚੀਨੀ ਕੰਪਨੀਆਂ ਦੇ ਸਬੰਧ ‘ਚ ਪੁਰਾਣੀਆਂ ਨੀਤੀਆਂ ਨੂੰ ਜਾਰੀ ਰੱਖਣਾ ਚਾਹੁੰਦੇ ਹਨ। ਉਹ ਇਹ ਵੀ ਚਾਹੁੰਦੇ ਕਿ ਅਮਰੀਕੀ ਉਨ੍ਹਾਂ ਕੰਪਨੀਆਂ ‘ਚ ਨਿਵੇਸ਼ ਕਰਨ, ਜੋ ਸਰਵਿਲਾਂਸ ਟੈਕਨਾਲੋਜੀ ਨਾਲ ਜੁੜੀਆਂ ਹਨ। ਇਹ ਆਦੇਸ਼ ਵੀਰਵਾਰ ਨੂੰ ਜਾਰੀ ਕੀਤਾ ਗਿਆ। ਸੂਚੀ ‘ਚ ਚਾਈਨਾ ਯੂਨੀਕਾਰਨ, ਚਾਈਨਾ ਟੈਲੀਕਾਮ ਅਤੇ ਚਾਈਨਾ ਮੋਬਾਈਲ ਵਰਗੀਆਂ ਕੰਪਨੀਆਂ ਹਨ। ਰਾਸ਼ਟਰਪਤੀ ਨੇ ਉਨ੍ਹਾਂ ਚੀਨੀ ਕੰਪਨੀਆਂ ‘ਤੇ ਪਾਬੰਦੀ ਲਗਾਈ ਹੈ, ਜੋ ਫ਼ੌਜ, ਖ਼ੁਫੀਆ, ਸੁਰੱਖਿਆ ਖੋਜ, ਵਿਕਾਸ ਪ੍ਰਰੋਗਰਾਮ ਤੇ ਹਥਿਆਰ ਉਤਪਾਦ ਨਾਲ ਸਬੰਧ ਰੱਖਦੀਆਂ ਹਨ।
ਚੀਨ ਆਪਣੇ ਸ਼ਿਨਜਿਆਂਗ ਖੇਤਰ ‘ਚ ਉਈਗਰ ਮੁਸਲਮਾਨਾਂ, ਹਾਂਗਕਾਂਗ ‘ਚ ਵਿਰੋਧੀਆਂ ਤੇ ਦੁਨੀਆ ਭਰ ‘ਚ ਫੈਲੇ ਚੀਨੀ ਭਾਈਚਾਰੇ ਦੇ ਲੋਕਾਂ ਖ਼ਿਲਾਫ਼ ਸਰਵਿਲਾਂਸ ਟੈਕਨਾਲੋਜੀ ਦੀ ਵਰਤੋਂ ਕਰਦਾ ਹੈ। ਇਹ ਵੀ ਸ਼ੱਕ ਪ੍ਰਗਟਾਇਆ ਜਾਂਦਾ ਹੈ ਕਿ ਚੀਨ ਇਨ੍ਹਾਂ ਕੰਪਨੀਆਂ ਜ਼ਰੀਏ ਅਮਰੀਕਾ ‘ਚ ਜਾਸੂਸੀ ਕਰਦਾ ਹੈ। ਚੀਨ ਦੀਆਂ ਇਨ੍ਹਾਂ ਕਰਤੂਤਾਂ ਬਾਰੇ ਟਰੰਪ ਪ੍ਰਸ਼ਾਸਨ ਨੇ ਸਖ਼ਤ ਰਵੱਈਆ ਅਪਣਾਇਆ ਸੀ। ਹੁਣ ਬਾਇਡਨ ਪ੍ਰਸ਼ਾਸਨ ਵੀ ਇਸੇ ਰਾਹ ‘ਤੇ ਅੱਗੇ ਵੱਧ ਰਿਹਾ ਹੈ। ਹਾਲਾਂਕਿ ਚੀਨ ਇਸ ਤਰ੍ਹਾਂ ਦੇ ਕਦਮਾਂ ਦੀ ਨਿੰਦਾ ਕਰਨ ਦੇ ਨਾਲ ਆਪਣੇ ਅੰਦਰੂਨੀ ਮਾਮਲਿਆਂ ‘ਚ ਦਖ਼ਲ ਕਰਾਰ ਦਿੰਦਾ ਹੈ।