ਅਮਰੀਕਾ (ਮੀਡੀਆ ਬਿਊਰੋ) ਸਵਿਟਜ਼ਰਲੈਂਡ ਦੇ ਅਧਿਕਾਰੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਵਿਚਾਲੇ ਅਗਲੇ ਹਫਤੇ ਹੋਣ ਵਾਲੀ ਮੁਲਾਕਾਤ ਦੀ ਸੁਰੱਖਿਆ ਲਈ ਜੇਨੇਵਾ ਸ਼ਹਿਰ ‘ਚ ਹਵਾਈ ਖੇਤਰ ਨੂੰ ਅਸਥਾਈ ਤੌਰ ‘ਤੇ ਪਾਬੰਦੀਸ਼ੁਦਾ ਕਰ ਦੇਵੇਗਾ ਅਤੇ ਇਲਾਕੇ ‘ਚ 1000 ਫੌਜਾਂ ਦੀ ਤਾਇਨਾਤੀ ਕਰੇਗਾ। ਸਵਿਟਜ਼ਰਲੈਂਡ ਦੀ 7 ਮੈਂਬਰੀ ਕਾਰਜਕਾਰੀ ਸੰਸਥਾ ਫੈਡਰਲ ਕੌਂਸਲ ਨੇ ਸ਼ੁੱਕਰਵਾਰ ਅਸਥਾਈ ਕਦਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ‘ਚ ਬੁੱਧਵਾਰ ਦੇ ਸੰਮੇਲਨ ਦੌਰਾਨ ਦੇਸ਼ ਦੀ ਹਵਾਈ ਫੌਜ ਵੱਲੋਂ ਹਵਾਈ ਖੇਤਰ ਦੀ ਨਿਗਰਾਨੀ ਕਰਨੀ ਸ਼ਾਮਲ ਹੋਵੇਗੀ।
ਸਵਿਟਜ਼ਰਲੈਂਡ ਦੇ ਸੰਘੀ ਰੱਖਿਆ ਵਿਭਾਗ ਨੇ ਇਕ ਬਿਆਨ ‘ਚ ਕਿਹਾ, ‘ਉਨ੍ਹਾਂ ਲੋਕਾਂ ਦੀ ਸੁਰੱਖਿਆ ਯਕੀਨੀ ਕਰਨਾ ਸਵਿਟਜ਼ਰਲੈਂਡ ਦੀ ਜ਼ਿੰਮੇਵਾਰੀ ਬਣਦੀ ਹੈ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਤਹਿਤ ਵਿਸ਼ੇਸ਼ ਸੁਰੱਖਿਆ ਮਿਲੀ ਹੈ, ਜਿਵੇਂ ਕਿ ਅਮਰੀਕਾ ਅਤੇ ਰੂਸ ਦੇ ਰਾਸ਼ਟਰ ਮੁਖੀ।’
ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ ਅੱਠ ਵਜੇ ਤੇ ਵੀਰਵਾਰ ਨੂੰ ਸ਼ਾਮ ਪੰਜ ਵਜੇ ਤਕ ਇਸ ਪਾਬੰਦੀ ਕਾਰਨ ਜੇਨੇਵਾ ਤੋਂ ਉਡਾਣ ਭਰਨ ਤੇ ਇਥੇ ਆਉਣ ਵਾਲੇ ਜਹਾਜ਼ਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਸਥਾਨਕ ਅਧਿਕਾਰੀਆਂ ਨੇ ਵੀਰਵਾਰ ਐਲਾਨ ਕੀਤਾ ਕਿ ਬਾਈਡੇਨ ਦੀ ਰਾਸ਼ਟਰਪਤੀ ਦੇ ਤੌਰ ‘ਤੇ ਪਹਿਲੀ ਵਿਦੇਸ਼ ਯਾਤਰਾ ਅਧੀਨ ਹੋਣ ਵਾਲੀ ਇਹ ਮੁਲਾਕਾਤ 18ਵੀਂ ਸਦੀ ਦੇ ਇਕ ਮੈਨਰ ਹਾਊਸ ‘ਚ ਹੋਵੇਗੀ।