ਸੰਗਰੂਰ, ਮਿਡਿਆ ਬਿਊਰੋ:
ਆਮ ਆਦਮੀ ਪਾਰਟੀ (AAP) ਦੇ ਸੀਐੱਮ ਫੇਸ ਭਗਵੰਤ ਮਾਨ (Bhagwant Mann) ਨੇ ਆਪਣੀ ਧੂਰੀ ਸੀਟ ਜਿੱਤਣ ਤੋਂ ਬਾਅਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਵਿਖੇ ਜਾ ਕੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਐਲਾਨ ਕੀਤਾ ਹੈ। ਆਪਣੀ ਧੂਰੀ ਤੋਂ ਜਿੱਤ ਅਤੇ ਪਾਰਟੀ ਦੀ ਪੰਜਾਬ ‘ਚ ਲਾਮਿਸਾਲ ਜਿੱਤ ਤੋਂ ਬਾਅਦ ਸੰਗਰੂਰ ਵਿਖ਼ੇ ਆਪਣੇ ਘਰ ਦੀ ਛੱਤ ਤੋਂ ਪਹਿਲੀ ਵਾਰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਿਸੇ ਰਾਜ ਅੰਦਰ ਕਿਸੇ ਵੀ ਦਫ਼ਤਰ ‘ਚ ਮੁੱਖ ਮੰਤਰੀ ਦੀ ਤਸਵੀਰ ਨਹੀਂ ਲਗਾਈ ਜਾਵੇਗੀ ਸਗੋਂ ਸ਼ਹੀਦ ਭਗਤ ਸਿੰਘ ਅਤੇ ਡਾ. ਅੰਬੇਡਕਰ ਦੀਆਂ ਤਸਵੀਰਾਂ ਹੀ ਲਗਾਈਆਂ ਜਾਣਗੀਆਂ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਮੇਰੇ ’ਤੇ ਯਕੀਨ ਰੱਖਣ, ਮੇਰੀ ਨੀਅਤ ਮਾੜੀ ਨਹੀਂ। ਉਨ੍ਹਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰਾਂਗੇ ਅਤੇ ਇਕ ਮਹੀਨੇ ਵਿੱਚ ਹੀ ਫ਼ਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ, ਹੌਲੀ-ਹੌਲੀ ਸਭ ਪਟੜੀ ’ਤੇ ਚਾੜ੍ਹਾਂਗੇ। ਉਨ੍ਹਾਂ ਆਖ਼ਿਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਕਿਹਾ ਸੀ ਕਿ ਝਾੜੂ ਫ਼ੇਰ ਦਿਉ, ਲੋਕਾਂ ਨੇ ਫ਼ੇਰ ਦਿੱਤਾ ਹੈ, ਹੁਣ ਅੱਗੋਂ ਜ਼ਿੰਮੇਵਾਰੀ ਮੇਰੀ ਹੈ।






















