ਟੋਰਾਂਟੋ (ਮੀਡੀਆ ਬਿਊਰੋ) : ਵਿਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਮੁਸਾਫ਼ਰਾਂ ਨੂੰ ਹੋਟਲ ਕੁਆਰਨਟੀਨ ਤੋਂ ਇਨਕਾਰ ਕਰਨਾ ਬੇਹੱਦ ਮਹਿੰਗਾ ਪੈ ਸਕਦਾ ਹੈ। ਫ਼ੈਡਰਲ ਸਰਕਾਰ ਵੱਲੋਂ ਕੀਤੇ ਐਲਾਨ ਮੁਤਾਬਕ ਸ਼ੁੱਕਰਵਾਰ ਤੋਂ ਅਜਿਹੇ ਮੁਸਾਫ਼ਰਾਂ ਨੂੰ 5 ਹਜ਼ਾਰ ਡਾਲਰ ਜੁਰਮਾਨਾ ਕੀਤਾ ਜਾਵੇਗਾ। ਹੁਣ ਤੱਕ ਹੋਟਲ ਵਿਚ ਇਕਾਂਤਵਾਸ ਤੋਂ ਭੱਜਣ ਵਾਲਿਆਂ ਨੂੰ ਤਿੰਨ ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਹੀ ਕੀਤਾ ਜਾਂਦਾ ਸੀ।
ਫ਼ੈਡਰਲ ਸਰਕਾਰ ਦਾ ਇਹ ਐਲਾਲ ਅਜਿਹੇ ਸਮੇਂ ਆਇਆ ਹੈ ਜਦੋਂ ਉਸ ਦਾ ਆਪਣਾ ਸਲਾਹਕਾਰ ਪੈਨਲ ਹੋਟਲ ਕੁਆਰਨਟੀਨ ਪ੍ਰਕਿਰਿਆ ਵਿਚ ਵੱਡੀਆਂ ਖਾਮੀਆਂ ਹੋਣ ਦਾ ਜ਼ਿਕਰ ਕਰ ਚੁੱਕਾ ਹੈ।
ਸਰਕਾਰੀ ਅੰਕੜਿਆਂ ਮੁਤਾਬਕ 14 ਅਪ੍ਰੈਲ ਤੋਂ 24 ਮਈ ਦਰਮਿਆਲ ਹੋਟਲਾਂ ਵਿਚ ਕੁਆਰਨਟੀਨ ਹੋਣ ਤੋਂ ਇਨਕਾਰ ਕਰਨ ਵਾਲੇ ਇਕ ਹਜ਼ਾਰ ਤੋਂ ਵੱਧ ਮੁਸਾਫ਼ਰਾਂ ਨੂੰ ਜੁਰਮਾਨੇ ਕੀਤੇ ਗਏ ਜਦਕਿ 400 ਮੁਸਾਫ਼ਰਾਂ ਨੂੰ ਜਹਾਜ਼ ਚੜ੍ਹਨ ਤੋਂ ਪਹਿਲਾਂ ਕੋਰੋਨਾ ਟੈਸਟ ਨਾ ਕਰਵਾਉਣ ਦੇ ਦੋਸ਼ ਹੇਠ ਜੁਰਮਾਨਾ ਲਾਇਆ ਗਿਆ।
ਪਰ ਇਕ ਵੱਡੀ ਸਮੱਸਿਆ ਇਹ ਵੀ ਹੈ ਕਿ ਸਿਰਫ਼ ਟੋਰਾਂਟੋ ਅਤੇ ਵੈਨਕੂਵਰ ਹਵਾਈ ਅੱਡਿਆਂ ‘ਤੇ ਉਤਰਨ ਵਾਲੇ ਕੌਮਾਂਤਰੀ ਮੁਸਾਫ਼ਰਾਂ ਨੂੰ ਜੁਰਮਾਨਾ ਕੀਤਾ ਜਾਂਦਾ ਹੈ ਜਦਕਿ ਕੈਲਗਰੀ ਜਾਂ ਮੌਂਟਰੀਅਲ ਹਵਾਈ ਅੱਡਿਆਂ ‘ਤੇ ਸ਼ਰ੍ਹੇਆਮ ਕੁਆਰਟੀਨ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਅਤੇ ਉਥੇ ਪੁੱਛਣ ਵਾਲਾ ਕੋਈ ਨਹੀਂ। ਕੈਨੇਡਾ ਸਰਕਾਰ ਵੱਲੋਂ ਲਾਗੂ ਗਾਈਡਲਾਈਨਜ਼ ਮੁਤਾਬਕ ਵਿਦੇਸ਼ ਤੋਂ ਆਉਣ ਵਾਲੇ ਹਰ ਸ਼ਖਸ ਦਾ ਇਥੇ ਪਹੁੰਚਣ ‘ਤੇ ਕੋਰੋਨਾ ਟੈਸਟ ਕੀਤਾ ਜਾਂਦਾ ਹੈ ਅਤੇ ਰਿਪੋਰਟ ਆਉਣ ਤੱਕ ਤਿੰਨ ਦਿਨ ਹੋਟਲ ਵਿਚ ਕੁਆਰਨਟੀਨ ਰਹਿਣ ਮਗਰੋਂ ਆਪਣੇ ਘਰ 14 ਦਿਨ ਇਕਾਂਤਵਾਸ ਵਿਚ ਰਹਿਣਾ ਲਾਜ਼ਮੀ ਹੈ। ਕੌਮਾਂਤਰੀ ਮੁਸਾਫ਼ਰਾਂ ਦਾ ਕੈਨੇਡਾ ਪਹੁੰਚਣ ਦੇ 8ਵੇਂ ਦਿਨ ਵੀ ਇਕ ਟੈਸਟ ਕੀਤਾ ਜਾਂਦਾ ਹੈ।