ਮੋਗਾ, ਮੀਡੀਆ ਬਿਊਰੋ:
ਡਿਊਟੀ ਸਮੇਂ ਦੌਰਾਨ ਆਪਣੇ ਦਫ਼ਤਰ ‘ਚ ਬੈਠਣ ਦੀ ਬਜਾਏ ਬੈੱਡਰੂਮ ‘ਚ ਆਰਾਮ ਕਰਨ ਵਾਲੇ ਬੀਡੀਪੀਓ ਨਿਰਮਲ ਸਿੰਘ ਨੂੰ ਪੰਚਾਇਤ ਰਾਜ ਮੰਤਰੀ ਕੁਲਦੀਪ ਸਿੰਘ ਨੇ ਮੁਅੱਤਲ ਕਰ ਦਿੱਤਾ ਹੈ। ਪੰਚਾਇਤ ਰਾਜ ਮੰਤਰੀ ਨੇ ਇਹ ਕਦਮ ਬੀਡੀਪੀਓ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਚੁੱਕਿਆ ਹੈ।
ਪਿੰਡ ਸਮਾਧ ਭਾਈ ਦੀ ਇਕ ਗਲੀ ਵਿਚ ਐੱਨਆਰਆਈ ਨੇ ਦਰਵਾਜਾ ਕੱਢਿਆ ਹੋਇਆ ਹੈ, ਇਸ ਕਾਰਨ ਸਡ਼ਕ ਤੰਗ ਹੋ ਗਈ ਸੀ। ਇਸੇ ਗਲੀ ਦੇ ਵਸਨੀਕ ਜਸਵਿੰਦਰ ਸਿੰਘ ਨੇ ਬੀਡੀਪੀਓ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਸੀ। ਪ੍ਰਾਪਥੀ ਮੁਤਾਬਕ ਉਹ ਜਦੋਂ ਵੀ ਦਫ਼ਤਰ ਗਿਆ ਬੀਡੀਪੀਓ ਉਥੇ ਨਹੀਂ ਮਿਲੇ ਸਨ। ਜਦੋਂ ਵੀ ਬੀਡੀਪੀਓ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਹ ਟਾਲ ਦਿੰਦੇ ਸਨ।
ਪ੍ਰਾਰਥੀ ਮੁਤਾਬਕ ਦੋ ਦਿਨ ਪਹਿਲਾਂ ਮੁਡ਼ ਬੀਡੀਪੀਓ ਦਫਤਰ ਪੁੱਜਾ ਸੀ। ਦਫ਼ਤਰ ਵਿਚ ਬਿਜਲੀ ਚੱਲ ਰਹੀ ਸੀ, ਪੱਖੇ, ਕੂਲਰ ਬੇਵਜ੍ਹਾ ਚੱਲ ਰਹੇ ਸਨ ਪਰ ਬੀਡੀਪੀਓ ਨਜ਼ਰ ਨਹੀਂ ਆਏ। ਬਾਅਦ ਵਿਚ ਉਹ ਲਾਈਵ ਵੀਡੀਓ ਬਣਾ ਕੇ ਪੌਡ਼ੀਆਂ ਰਾਹੀਂ ਪਹਿਲੀ ਮੰਜ਼ਿਲ ’ਤੇ ਪਹੁੰਚ ਗਿਆ ਉਥੇ ਕਮਰਾ ਬਣਿਆ ਹੋਇਆ ਸੀ, ਜਿਸ ਨੂੰ ਬੀਡੀਪੀਓ ਬੈੱਡਰੂਮ ਵਜੋਂ ਵਰਤ ਰਹੇ ਸਨ। ਇਸ ‘ਬੈੱਡਰੂਮ’ ਦੇ ਅੰਦਰੋਂ ਕੁੰਡੀ ਲਾਉਣ ਦੀ ਬਜਾਏ ਬੀਡੀਪੀਓ ਉਸੇ ਤਰ੍ਹਾਂ ਸੁੱਤੇ ਪਏ ਸਨ, ਜਦੋਂ ਪ੍ਰਾਰਥੀ ਨੇ ਦਰਵਾਜਾ ਖੋਲ੍ਹਿਆ ਤਾਂ ਬੀਡੀਪੀਓ ਨੇ ਦਰਵਾਜਾ ਬੰਦ ਕਰ ਦਿੱਤਾ।
ਲਾਈਵ ਚਲਾਈ ਵੀਡੀਓ
ਤੰਗ ਆਏ ਪ੍ਰਾਰਥੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਇਹ ਵੀਡੀਓ ਬਣਾਈ ਸੀ, ਬਾਅਦ ਵਿਚ ਉਸ ਨੇ ਇਹ ਵੀਡੀਓ ਮੁੱਖ ਮੰਤਰੀ ਵੱਲੋਂ ਜਾਰੀ ਵ੍ਹਟਸਐਪ ਨੰਬਰ ’ਤੇ ਅਪਲੋਡ ਕਰ ਦਿੱਤੀ।
ਮੁਅੱਤਲ ਕੀਤੇ ਬੀਡੀਪੀਓ ਦਾ ਕਹਿਣਾ ਹੈ ਕਿ ਉਸ ਨੇ 29 ਮਾਰਚ ਨੂੰ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਵਿਚ ਲਿਖਿਆ ਸੀ ਕਿ ਜਸਵਿੰਦਰ ਸਿੰਘ ਦਫਤਰ ਆ ਕੇ ਤੰਗ ਕਰਦਾ ਹੈ, ਗਲੀ ਵਿਚ ਬਣੇ ਗੇਟ ਦਾ ਮਾਮਲਾ ਅਦਾਲਤ ਵਿਚ ਹੈ, ਉਹ ਇਸ ਮਾਮਲੇ ਵਿਚ ਕਾਰਵਾਈ ਨਹੀਂ ਕਰ ਸਕਦੇ।