BBMB ਨੇ ਮੈਂਬਰਸ਼ਿਪ ਨਿਯਮਾਂ ਨੂੰ ਲੈ ਕੇ ਦਿੱਤਾ ਬਿਆਨ

ਕਿਹਾ- ਨਿਯਮ ਬਦਲੇ ਪਰ ਪੰਜਾਬ-ਹਰਿਆਣਾ ਦਾ ਕੋਈ ਮੈਂਬਰ ਬਰਖਾਸਤ ਨਹੀਂ ਹੋਇਆ









ਚੰਡੀਗੜ੍ਹ, ਮੀਡੀਆ ਬਿਊਰੋ:

ਭਾਖਡ਼ਾ ਬਿਆਸ ਮੈਨੇਜਮੈਂਟ ਬੋਰਡ (BBMB) ’ਚ ਪੰਜਾਬ ਤੇ ਹਰਿਆਣਾ ਦੇ ਸਥਾਈ ਮੈਂਬਰਾਂ ਦੇ ਨਿਯਮਾਂ ’ਚ ਕੀਤੇ ਗਏ ਬਦਲਾਅ ਨੂੰ ਲੈ ਕੇ ਪੰਜਾਬ ’ਚ ਵਿਵਾਦ ਖਡ਼੍ਹਾ ਹੋ ਗਿਆ ਹੈ। ਉੱਥੇ, BBMB ਨੇ ਇਸ ਸਬੰਧੀ ਸਪਸ਼ੱਟੀਕਰਨ ਜਾਰੀ ਕੀਤਾ ਹੈ। ਬੀਬੀਐੱਮਬੀ ਵੱਲੋਂ ਜਾਰੀ ਸਪਸ਼ਟੀਕਰਨ ’ਚ ਕਿਹਾ ਗਿਆ ਹੈ ਕਿ ਬੀਬੀਐੱਮਬੀ ਦੇ ਢਾਂਚੇ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪਹਿਲਾਂ ਤੋਂ ਮੌਜੂਦ ਕਿਸੇ ਮੈਂਬਰ ਨੂੰ ਨਾ ਤਾਂ ਹਟਾਇਆ ਗਿਆ ਹੈ ਤੇ ਨਾ ਹੀ ਕੋਈ ਨਵਾਂ ਮੈਂਬਰ ਜੋਡ਼ਿਆ ਗਿਆ ਹੈ। ਸਿਰਫ਼ ਬਿਜਲੀ ਤੇ ਸਿੰਚਾਈ ਦੇ ਮੈਂਬਰਾਂ ਦੀ ਤਕਨੀਕੀ ਯੋਗਤਾ ਦੇ ਨਿਯਮਾਂ ਨੂੰ ਨੋਟੀਫਾਈ ਕੀਤਾ ਗਿਆ ਹੈ।

ਬੀਬੀਐੱਮਬੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਜਾਰੀ ਨੋਟੀਫਿਕੇਸ਼ਨ ਮੁਤਾਬਕ ਮੈਂਬਰ (ਸਿੰਚਾਈ) ਤੇ ਮੈਂਬਰ (ਬਿਜਲੀ) ਦੇ ਰੂਪ ’ਚ ਨਾਮਜ਼ਦ ਪੂਰਨਕਾਲਿਕ ਮੁਖੀ ਤੇ ਦੋ ਪੂਰਨਕਾਲਿਕ ਮੈਂਬਰ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤੇ ਜਾਣਗੇ। ਜਦਕਿ ਪੰਜਾਬ, ਹਰਿਆਣਾ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਸੂਬਿਆਂ ਦੀਆਂ ਸਰਕਾਰਾਂ ਦਾ ਇਕ-ਇਕ ਪ੍ਰਤੀਨਿਧੀ ਸਬੰਧਤ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਨਾਮਜ਼ਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਦੋ ਪ੍ਰਤੀਨਿਧ ਸਰਕਾਰ ਵੱਲੋਂ ਨਾਮਜ਼ਦ ਕੀਤੇ ਜਾਣਗੇ। ਬੀਬੀਐੱਮਬੀ ਦਾ ਕਹਿਣਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ਜੋਕਿ ਜਗਮੋਹਨ ਸਿੰਘ ਬਨਾਮ ਕੇਂਦਰ ਸਰਕਾਰ ਤੇ ਹੋਰਨਾਂ ਦੇ ਮਾਮਲੇ ’ਚ ਦਿੱਤਾ ਗਿਆ ਹੈ, ਨੂੰ ਦੇਖਦੇ ਹੋਏ ਬਿਜਲੀ ਤੇ ਸਿੰਚਾਈ ਦੇ ਮੈਂਬਰਾਂ ਦੀ ਯੋਗਤਾ ਦੇ ਨਿਯਮਾਂ ਨੂੰ ਨੋਟੀਫਾਈ ਕੀਤਾ ਗਿਆ ਹੈ। ਪਹਿਲਾਂ ਤੋਂ ਮੌਜੂਦ ਨਾ ਤਾਂ ਕਿਸੇ ਮੈਂਬਰ ਨੂੰ ਹਟਾਇਆ ਗਿਆ ਹੈ ਤੇ ਨਾ ਹੀ ਕਿਸੇ ਨੂੰ ਜੋਡ਼ਿਆ ਗਿਆ ਹੈ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੀ ਪ੍ਰਤੀਨਿਧਤਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਇਸ ਤੋਂ ਇਲਾਵਾ ਬਿਜਲੀ ਤੇ ਸਿੰਚਾਈ ਨੂੰ ਲੈ ਕੇ ਜੋ ਪਹਿਲਾਂ ਤੋਂ ਨਿਰਧਾਰਤ ਹੈ, ਉਸ ’ਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ।

ਦੱਸਣਯੋਗ ਹੈ ਕਿ ਬੀਬੀਐੱਮਬੀ ’ਚ ਸਥਾਈ ਮੈਂਬਰ ਨੂੰ ਲੈ ਕੇ ਮਾਮਲਾ ਪੂਰੀ ਤਰ੍ਹਾਂ ਸਿਆਸੀ ਹੋ ਗਿਆ ਹੈ। ਕਾਂਗਰਸ ਦੇ ਨੇਤਾ ਸੁਨੀਲ ਜਾਖਡ਼ ਨੇ ਜਿੱਥੇ ਇਸ ਨੂੰ ਫੈਡਰਲ ਢਾਂਚੇ ਖ਼ਿਲਾਫ਼ ਦੱਸਿਆ ਸੀ, ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੱਤਰ ਲਿਖ ਕੇ ਕੇਂਦਰ ਸਰਕਾਰ ਨੂੰ ਇਸ ਮਾਮਲੇ ’ਚ ਮੁਡ਼ ਵਿਚਾਰ ਕਰਨ ਲਈ ਕਿਹਾ ਸੀ।

Share This :

Leave a Reply