
ਖੰਨਾ (ਪਰਮਜੀਤ ਸਿੰਘ ਧੀਮਾਨ) – ਫੂਡ ਸਪਲਾਈ ਵਿਭਾਗ ਵੱਲੋਂ ਪੰਜਾਬ ’ਚ ਦੂਜੇ ਸੂਬਿਆਂ ਤੋਂ ਗਲਤ ਢੰਗ ਨਾਲ ਹੋਣ ਵਾਲੀ ਝੋਨੇ ਦੀ ਆਮਦ ਰੋਕਣ ਲਈ ਸ਼ੈਲਰਾਂ ਅੰਦਰ ਜਾ ਕੇ ਸਟੋਰ ਕੀਤੇ ਝੋਨੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਹਿਤ ਪਨਗ੍ਰੇਨ ਦੀ ਵਿਜੀਲੈਂਸ ਦੀ ਸੱਤ ਮੈਂਬਰੀ ਟੀਮ ਨੇ ਸਮਾਣਾ ਦੇ ਏ. ਐਫ. ਐਸ. ਓ. ਨਿਖਿਲ ਵਾਲੀਆ ਦੀ ਅਗਵਾਈ ਹੇਠਾਂ ਸਮਰਾਲਾ ਰੋਡ ਖੰਨਾ ਸਥਿਤ ਸ਼ੈਲਰਾਂ ਵਿਚ ਸਟੋਰ ਕੀਤੇ ਝੋਨੇ ਦੀ ਜਾਂਚ ਕੀਤੀ ਗਈ। ਸ਼ੈਲਰ ਅੰਦਰ ਵੱਡੀ ਮਾਤਰਾ ਵਿਚ ਖੁੱਲ੍ਹੇ ਪਏ ਝੋਨੇ ਦੀ ਵੱਖਰੇ ਤੌਰ ’ਤੇ ਚੈਕਿੰਗ ਕੀਤੀ ਗਈ।
ਅਧਿਕਾਰੀਆਂ ਅਨੁਸਾਰ ਟੀਮ ਇਸ ਪਹਿਲੂ ਤੇ ਜਾਂਚ ਕਰ ਰਹੀ ਹੈ ਕਿ ਜੇਕਰ ਮੰਡੀ ਵਿਚੋਂ ਵਿਕਿਆ ਝੋਨਾ ਸ਼ੈਲਰ ਅੰਦਰ ਸਟੋਰ ਕਰਨ ਲਈ ਲਿਆਂਦਾ ਗਿਆ ਤਾਂ ਇਸ ਨੂੰ ਕਿਉਂ ਖੋਲਿ੍ਹਆ ਗਿਆ ਹੈ ਅਤੇ ਜੇਕਰ ਝੋਨੇ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੈ ਤਾਂ ਖ੍ਰੀਦ ਕਿਉਂ ਕੀਤੀ ਗਈ। ਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਰਪਣ ਤੇ ਜ਼ਿੰਦਲ ਦੋ ਸ਼ੈਲਰਾਂ ਵਿਚ ਵੀ ਖ੍ਰੀਦ, ਸਟੋਰ ਤੇ ਖੁੱਲ੍ਹੇ ਰੱਖੇ ਮਾਲ ਦੀ ਰਿਪੋਰਟ ਬਣਾ ਕੇ ਸਬੰਧਤ ਅਧਿਕਾਰੀਆਂ ਨੂੰ ਭੇਜੀ ਗਈ ਹੈ। ਦੂਜੇ ਪਾਸੇ ਸ਼ੈਲਰ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਦਾ ਸਾਰਾ ਕੰਮਕਾਰ ਠੀਕ ਠਾਕ ਪਾਇਆ ਗਿਆ, ਕਿਸੇ ਤਰ੍ਹਾਂ ਦੀ ਕੋਈ ਗੜਬੜੀ ਸਾਹਮਣੇ ਨਹੀਂ ਆਈ।