ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ) ਅਮਰੀਕਾ ਦੇ ਬਾਰਡਰ ਪੋਟਰੋਲ ਏਜੰਟਾਂ ਨੂੰ ਮੈਕਸੀਕੋ ਸਰਹੱਦ ‘ਤੇ 4 ਅਤੇ 6 ਸਾਲ ਦੀਆਂ ਦੋ ਇਕੱਲੀਆਂ ਬੱਚੀਆਂ ਮਿਲੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਾਰਡਰ ਪੈਟਰੋਲਿੰਗ ਏਜੰਟਾਂ ਨੂੰ ਹੋਂਡੂਰਸ ਦੀਆਂ 4 ਅਤੇ 6 ਸਾਲ ਦੀਆਂ ਦੋ ਭੈਣਾਂ ਅਰੀਜ਼ੋਨਾ ਦੇ ਮਾਰੂਥਲ ਵਿੱਚ ਇਕੱਲੀਆਂ ਭਟਕਦੀਆਂ ਲੱਭੀਆਂ। ਬੱਚੀਆਂ ਕੋਲ ਉਨ੍ਹਾਂ ਦੀ ਮਾਸੀ ਦੇ ਨਾਮ ਅਤੇ ਪਤੇ ਦੇ ਨੋਟ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਸੀ।
ਬਾਰਡਰ ਪੈਟਰੋਲਿੰਗ ਦੇ ਯੁਮਾ ਸੈਕਟਰ ਦੀ ਇੱਕ ਫੇਸਬੁੱਕ ਪੋਸਟ ਦੇ ਅਨੁਸਾਰ, ਇਹਨਾਂ ਲੜਕੀਆਂ ਨੂੰ ਮੰਗਲਵਾਰ ਸਵੇਰੇ ਯੂ ਐਸ-ਮੈਕਸੀਕੋ ਸਰਹੱਦ ‘ਤੇ ਮੋਰੇਲੋਸ ਡੈਮ ਦੇ ਦੱਖਣ ਵਿੱਚ ਇੱਕ ਦਲਦਲੀ ਖੇਤਰ ਵਿੱਚ ਵੇਖਿਆ ਗਿਆ ਸੀ। ਏਜੰਸੀ ਦੁਆਰਾ ਜਾਰੀ ਕੀਤੀਆਂ ਫੋਟੋਆਂ ਵਿੱਚ ਭੈਣਾਂ ਨੂੰ ਗੁਲਾਬੀ ਟੋਪੀਆਂ ਅਤੇ ਸ਼ਰਟਾਂ ਵਿੱਚ ਵੇਖਿਆ ਗਿਆ। ਅਧਿਕਾਰੀਆਂ ਦੁਆਰਾ ਬੱਚੀਆਂ ਨੂੰ ਸੁਰੱਖਿਅਤ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਪਰਿਵਾਰ ਨਾਲ ਦੁਬਾਰਾ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਅੰਕੜਿਆਂ ਅਨੁਸਾਰ ਬਾਰਡਰ ਪੈਟਰੋਲਿੰਗ ਏਜੰਟਾਂ ਨੇ ਅਕਤੂਬਰ 2020 ਅਤੇ ਇਸ ਸਾਲ 31 ਅਗਸਤ ਦੇ ਵਿਚਕਾਰ ਦੱਖਣੀ ਸਰਹੱਦ ਕੋਲ ਤਕਰੀਬਨ 130,710 ਗੈਰਕਾਨੂੰਨੀ ਇਕੱਲੇ ਪ੍ਰਵਾਸੀ ਬੱਚਿਆਂ ਦਾ ਸਾਹਮਣਾ ਕੀਤਾ ਹੈ।