ਕਾਂਗਰਸੀ ਸਰਪੰਚ ਸਣੇ 17 ’ਤੇ ਕੇਸ ਦਰਜ
ਹਰੀਕੇ ਪੱਤਣ, ਮੀਡੀਆ ਬਿਊਰੋ:
ਸਿਆਸੀ ਟਸ਼ਨਬਾਜੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਉੱਪਰ ਮੌਜੂਦਾ ਸਰਪੰਚ ਨੇ ਕਥਿਤ ਤੌਰ ’ਤੇ ਸਾਥੀਆਂ ਸਮੇਤ ਹਮਲਾ ਕਰ ਕੇ ਗੱਡੀ ਦੀ ਭੰਨਤੋੜ ਕਰ ਦਿੱਤੀ। ਜਦੋਂਕਿ ਹਮਲਾਵਰ ਪੀੜ੍ਹਤ ਦੇ ਗਲੇ ਵਿਚੋਂ ਸੋਨੇ ਦੀ ਚੇਨ ਵੀ ਲਾਹ ਕੇ ਲੈ ਗਏ। ਇਸ ਸਬੰਧੀ ਥਾਣਾ ਹਰੀਕੇ ਪੱਤਣ ਦੀ ਪੁਲਿਸ ਨੇ ਕਾਂਗਰਸ ਦੇ ਮੌਜੂਦਾ ਸਰਪੰਚ ਸਣੇ 17 ਲੋਕਾਂ ਵਿਰੁੱਧ ਮੁਕੱਦਮਾਂ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮੁਖਿੰਦਰ ਸਿੰਘ ਔਲਖ ਨੇ ਦੱਸਿਆ ਕਿ ਪਨਗੋਟਾ ਵਾਸੀ ਸਿਮਰਨਜੀਤ ਸਿੰਘ ਪੁੱਤਰ ਰਣਜੀਤ ਸਿੰਘ ਨੇ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਦੇਸ਼ਪ੍ਰਤਾਪ ਸਿੰਘ ਕੈਰੋਂ ਦਾ ਸਮਰਥਕ ਹੋਣ ਨਾਤੇ ਪਿੰਡ ਵਿਚ ਪ੍ਰਚਾਰ ਕਰਦਾ ਹੈ। ਸੂਚਨਾ ਮੁਤਾਬਿਕ ਪਿੰਡ ਦਾ ਰਹਿਣ ਵਾਲਾ ਬਿਰਖ ਸਿੰਘ ਅਤੇ ਉਸਦਾ ਪੁੱਤਰ ਜੋਬਨਪ੍ਰੀਤ ਸਿੰਘ ਆਪਣੇ ਘਰ ਵਿਚ ਵੋਟਾਂ ਨੂੰ ਲੈ ਕੇ ਸ਼ਰਾਬ ਅਤੇ ਪੈਸੇ ਵੰਡ ਰਿਹਾ ਸੀ।
ਸਿਮਰਨਜੀਤ ਸਿੰਘ ਨੇ ਦੱਸਿਆ ਉਸਦੀ ਆਈ ਟਵੰਟੀ ਕਾਰ ’ਚ ਸਵਾਰ ਹੋ ਕੇ ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਪਰੀਤ ਸਿੰਘ ਸਮੇਤ ਬਿਰਖ ਸਿੰਘ ਦੇ ਘਰ ਚਲੇ ਗਏ। ਜਦੋਂਕਿ ਉਹ ਕਾਰ ਵਿਚ ਹੀ ਬੈਠਾ ਰਿਹਾ। ਇਸ ਤੋਂ ਬਾਅਦ ਸਰਪੰਚ ਗੁਰਪ੍ਰੀਤ ਸਿੰਘ, ਨਵਰੂਪ ਸਿੰਘ, ਜਰਮਨਜੀਤ ਸਿੰਘ, ਬਿਕਰਮਜੀਤ ਸਿੰਘ ਅਤੇ ਸਤਵੰਤ ਸਿੰਘ ਨੇ 9-10 ਅਣਪਛਾਤੇ ਵਿਅਕਤੀਆਂ ਸਮੇਤ ਆ ਕੇ ਦਾਤਰ, ਬੇਸਬੈਟਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾ ਕੋਲੋਂ ਬਚ ਕੇ ਜਦੋਂ ਉਹ ਭੱਜਣ ਲੱਗਾ ਤਾਂ ਹਮਲਾਵਰਾਂ ਨੇ ਉਸਦੀ ਸੋਨੇ ਦੀ ਚੇਨ ਖਿੱਚ ਲਈ। ਥਾਣਾ ਮੁਖੀ ਨੇ ਕਿਹਾ ਕਿ ਸਿਮਰਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸਾਰੇ ਕਥਿਤ ਮੁਲਜਮਾਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।