ਅੰਮ੍ਰਿਤਸਰ, ਮੀਡੀਆ ਬਿਊਰੋ:
ਲਗਾਤਾਰ ਚਾਰ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਸੈਰ-ਸਪਾਟਾ ਕਾਰੋਬਾਰ ਤੇਜ਼ੀ ਫਡ਼ ਗਿਆ ਹੈ। ਆਮ ਦਿਨਾਂ ਵਿਚ ਜਿੱਥੇ ਹਰ ਰੋਜ਼ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 80 ਹਜ਼ਾਰ ਤੋਂ ਲੈ ਕੇ ਇਕ ਲੱਖ ਤੱਕ ਹੁੰਦੀ ਸੀ, ਹੁਣ ਇਹ ਅੰਕਡ਼ਾ ਦੋ ਲੱਖ ਨੂੰ ਪਾਰ ਕਰ ਗਿਆ ਹੈ। ਹੋਟਲ, ਟੈਕਸੀ ਡਰਾਈਵਰ, ਰੈਸਟੋਰੈਂਟ ਮਾਲਕ, ਦੁਕਾਨਦਾਰ ਬਹੁਤ ਖੁਸ਼ ਹੁੰਦੇ ਹਨ। ਰੀਟਰੀਟ ਸੈਰੇਮਨੀ ਲਈ ਅਟਾਰੀ ਸਰਹੱਦ ਨੂੰ ਜਾਣ ਵਾਲੀਆਂ ਟੈਕਸੀਆਂ ਬੁੱਕ ਹੋ ਗਈਆਂ ਹਨ।
ਜਿੱਥੇ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਪੁੱਜਣ ਲਈ ਸੈਲਾਨੀ ਆਉਂਦੇ ਹਨ, ਉਥੇ ਜੱਲ੍ਹਿਆਂਵਾਲਾ ਬਾਗ, ਦੁਰਗਿਆਣਾ ਮੰਦਰ ਤੇ ਅਟਾਰੀ ਬਾਰਡਰ ’ਤੇ ਰੀਟਰੀਟ ਸੈਰੇਮਨੀ ਖਿੱਚ ਦਾ ਕੇਂਦਰ ਹਨ। ਹੋਟਲ ਸਨਅਤਕਾਰਾਂ ਮੁਤਾਬਕ ਭਾਵੇਂ ਵੱਧ ਰਹੀ ਗਰਮੀ ਕਾਰਨ ਸੈਲਾਨੀਆਂ ਦਾ ਰੁਝਾਨ ਪਹਾਡ਼ੀ ਇਲਾਕਿਆਂ ਵੱਲ ਹੈ ਪਰ ਅੰਮ੍ਰਿਤਸਰ ਜ਼ਿਲ੍ਹਾ, ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਨੇਡ਼ੇ ਹੋਣ ਕਾਰਨ ਇਹ ਸਥਾਨ ਸੈਲਾਨੀਆਂ ਨੂੰ ਖਿੱਚਦਾ ਹੈ। ਕੁੱਲੂ, ਮਨਾਲੀ, ਡਲਹੌਜੀ, ਸ੍ਰੀਨਗਰ ਜਾਣ ਵਾਲੇ ਸੈਲਾਨੀ ਘੁੰਮਣ ਫਿਰਨ ਵੇਲੇ ਅੰਮ੍ਰਿਤਸਰ ਨੂੰ ਜ਼ਰੂਰ ਸ਼ਾਮਲ ਕਰਦੇ ਹਨ। ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਕੇਰਲਾ ਆਦਿ ਰਾਜਾਂ ਤੋਂ ਆਉਣ ਵਾਲੇ ਸੈਲਾਨੀ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਆਉਂਦੇ ਹਨ।
ਹੋਟਲ ਮਾਲਕਾਂ ਮੁਤਾਬਕ ਇੱਥੇ 850 ਤੋਂ ਵੱਧ ਹੋਟਲ ਛੋਟੇ-ਵੱਡੇ ਹਨ। ਇਨ੍ਹਾਂ ਵਿਚ ਕਰੀਬ ਨੌਂ ਹਜ਼ਾਰ ਕਮਰੇ ਹਨ। ਇਸ ਸਮੇਂ ਸਾਰੇ ਛੋਟੇ-ਛੋਟੇ ਹੋਟਲ ਪੂਰੀ ਤਰ੍ਹਾਂ ਬੁੱਕ ਹਨ। ਸੈਲਾਨੀਆਂ ਦੇ ਠਹਿਰਣ ਲਈ ਇੱਥੇ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਵੀ ਹਨ। ਇਨ੍ਹਾਂ ਸਭ ਥਾਈਂ ਕਮਰਿਆਂ ਦੀ ਬੁਕਿੰਗ ਲਗਾਤਾਰ ਜਾਰੀ ਹੈ।
ਰੋਜ਼ਾਨਾ ਪੰਜ ਹਜ਼ਾਰ ਤੋਂ ਵੱਧ ਟੈਕਸੀਆਂ ਹਨ ਜਾ ਰਹੀਆਂ
ਸ਼ਹਿਰ ਵਿਚ ਪੰਜ ਹਜ਼ਾਰ ਦੇ ਕਰੀਬ ਟੈਕਸੀ ਡਰਾਈਵਰ ਹਨ, ਜੋ ਪਿਛਲੇ ਤਿੰਨ ਦਿਨਾਂ ਤੋਂ ਰੁੱਝੇ ਹਨ। ਅਟਾਰੀ ਸਰਹੱਦ ’ਤੇ ਰੀਟਰੀਟ ਸਮਾਰੋਹ ਲਈ ਸਾਰੀਆਂ ਟੈਕਸੀਆਂ ਦੀ ਬੁਕਿੰਗ ਜਾਰੀ ਹੈ। ਇਸ ਸਮੇਂ 30 ਤੋਂ 35 ਹਜ਼ਾਰ ਸੈਲਾਨੀ ਰੀਟਰੀਟ ਸਮਾਗਮ ਦੇਖਣ ਲਈ ਜਾ ਰਹੇ ਹਨ। ਆਮ ਦਿਨਾਂ ਵਿਚ ਇਹ ਗਿਣਤੀ 20 ਹਜ਼ਾਰ ਦੇ ਕਰੀਬ ਹੁੰਦੀ ਹੈ।