ਵਿਧਾਨ ਸਭਾ ਚੋਣਾਂ 2022 : ਪਾਰਟੀਆਂ ਨੂੰ ਈ ਪ੍ਰਚਾਰ ਰਾਹੀਂ ਵਿਖਾਉਦਾ ਪਵੇਗਾ ਦਮ, ਜਾਣੋ ਪੰਜਾਬ ’ਚ ਕਿਸ ਪਾਰਟੀ ਦੀ ਹੈ ਕਿੰਨੀ ਤਿਆਰੀ

ਚੰਡੀਗੜ, ਮੀਡੀਆ ਬਿਊਰੋ:

ਕੋਰੋਨਾ ਦੇ ਵਧਦ ਮਾਮਲਿਆਂ ਨੂੰ ਵੇਖਦੇ ਹੋਏ ਚੋਣ ਕਮਿਸ਼ਨ ਨੇ 15 ਜਨਵਰੀ ਤਕ ਆਮ ਸਿਆਸੀ ਰੈਲੀਆਂ ਤੇ ਜਲਸਿਆਂ ’ਤੇ ਰੋਕ ਲਾਈ ਹੈ। ਕਮਿਸ਼ਨ ਦੇ ਇਸ ਫ਼ੈਸਲੇ ਨੇ ਸਿਆਸੀ ਪਾਰਟੀਆਂਲਈ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਰੈਲੀਆਂ, ਨੁੱਕੜ ਸਭਾਵਾਂ ਵਰਗੇ ਰਵਾਇਤੀ ਪ੍ਰਚਾਰ ਦੇ ਤਰੀਕੇ ਨਾਲ ਸਿਰਫ਼ ਸਿਆਸੀ ਪਾਰਟੀਆਂ ਨੂੰ ਲੋਕਾਂ ਦੇ ਨਾਲ ਜੋੜਦੇ ਸਨ, ਸਗੋਂ ਉੱਥੋਂ ਉਹ ਲੋਕਾਂ ਨੂੰ ਮਨੋਦਸ਼ਾ ਦਾ ਵੀ ਅਨੁਮਾਨ ਲਾਉਂਦੇ ਸਨ।

ਸਿਆਸੀ ਪਾਰਟੀਆਂ ਦੀ ਚਿੰਤਾ ਇਹ ਹੈ ਕਿ ਜੇਕਰ ਕਮਿਸ਼ਨ ਦੀ ਇਹ ਰੋਕ 15 ਜਨਵਰੀ ਤੋਂ ਬਾਅਦ ਵੀ ਜਾਰੀ ਰਹਿੰਦੀ ਹੈ ਤਾਂ ਉਨ੍ਹਾਂ ਕੋਲ ਈ-ਪ੍ਰਚਾਰ ਤੋਂ ਇਲਾਵਾ ਕੋਈ ਹੋਰ ਜ਼ਰੀਆ ਨਹੀਂ ਰਹਿ ਜਾਵੇਗਾ। ਜਿਸ ਦਾ ਲਾਭ ਵੱਡੀਆਂ ਨੂੰ ਮਿਲ ਸਕਦਾ ਹੈ। ਦਰਅਸਲ, ਵੱਡੀਆਂ ਪਾਰਟੀਆਂ ਕੋਲ ਸਾਧਨ ਵੀ ਹਨ ਅਤੇ ਉਨ੍ਹਾਂ ਦਾ ਆਈਟੀ ਸੈੱਲ ਮਜ਼ਬੂਤ ਵੀ ਹੈ, ਜਦੋਂਕਿ ਛੋਟੀਆਂ ਸਿਆਸੀ ਪਾਰਟੀਆਂ ਕੋਲ ਨਾ ਤਾਂ ਓਨੇ ਵਸੀਲੇ ਹਨ ਅਤੇ ਨਾ ਹੀ ਓਨੇ ਸੰਪਰਕ।

ਅਕਾਲੀ ਦਲ ਚਿੰਤਤ

ਚੋਣ ਕਮਿਸ਼ਲ ਵੱਲੋਂ ਜਲਸਿਆਂ ਤੇ ਜਨ ਰੈਲੀਆ ’ਤੇ ਲਾਈ ਰੋਕ ਨਾਲ ਅਕਾਲੀ ਦਲ ਚਿੰਤਤ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿੰਦੇ ਹਨ, ਪ੍ਰਚਾਰ ’ਚ ਸਿਆਸੀ ਪਾਰਟੀ ਨੂੰ ਹਰੇਕ ਵਿਅਕਤੀ ਤਕ ਪਹੁੰਚ ਕਰਨੀ ਪੈਂਦੀ ਹੈ। ਪਿੰਡ ’ਚ ਬੈਠਾ ਇਕ ਗਰੀਬ ਵਿਅਕਤੀ ਜਿਸ ਕੋਲ ਨਾ ਤਾਂ ਸਮਾਰਟ ਫੋਨ ਹੈ ਅਤੇ ਨਾ ਹੀ ਇੰਟਰਨੈੱਟ ਕੁਨੈਕਸ਼ਨ, ਉੱਥੋਂ ਤਕ ਵਰਚੁਅਲ ਢੰਗ ਨਾਲ ਪਹੁੰਚ ਕਰਨਾ ਸੰਭਵ ਨਹੀਂ ਹੋ ਸਕੇਗਾ। ਹਾਲਾਂਕਿ, ਅਜੇ ਚੋਣ ਕਮਿਸ਼ਨ ਨੇ 15 ਜਨਵਰੀ ਤਕ ਰੋਕ ਲਾਈ ਹੈ। ਇੱਥੋਂ ਤਕ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ। ਜੇਕਰ ਇਹ ਰੋਕ ਅੱਗੇ ਵੀ ਰਹਿੰਦੀ ਹੈ ਤਾਂ ਚਿੰਤਾ ਵਧੇਗੀ। ਸੁਖਬੀਰ ਕਹਿੰਦੇ ਹਨ, ਚੋਣ ਕਮਿਸ਼ਨ ਨੂੰ ਜਿਨ੍ਹਾਂ ਰਾਜਾਂ ’ਚ ਚੋਣਾਂ ਹੋ ਰਹੀਆਂ ਹਨ, ਉੱਥੋਂ ਦੀਆਂ ਸਿਆਸੀ ਪਾਰਟੀਆਂ ਨੂੰ ਬੁਲਾ ਕੇ ਗੱਲ ਕਰਨੀ ਚਾਹੀਦੀ ਹੈ ਅਤੇ ਰੈਲੀਆਂ ਨੂੰ ਲੈ ਕੇ ਕੋਈ ਨਿਯਮ ਬਣਾਉਣੇ ਚਾਹੀਦੇ ਹਨ।

ਕਾਂਗਰਸ ਜੁਟੀ ਤਿਆਰੀਆਂ ’ਚ

ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅਸੀਂ ਜ਼ਿਲ੍ਹਾ, ਵਿਧਾਨ ਸਭਾ ਤੇ ਬੂਥ ਪੱਧਰ ’ਤੇ ਆਪਣੇ ਵਰਕਰਾਂ ਅਤੇ ਆਗੂਆਂ ਨਾਲ ਤਾਲਮਾਲ ਬਣਾਉਂਦੇ ਹੋਏ ਇਕ ਆਨਲਾਈਨ ਮੁਹਿੰਮ ਲਈ ਤਿਆਰ ਹਾਂ। ਸਾਡੇ ਇੰਟਰਨੈੱਟ ਮੀਡੀਆ ਵਾਰ ਰੂਮ ’ਚ ਪਹਿਲਾਂ ਤੋਂ ਹੀ 10 ਹਜ਼ਾਰ ਤੋਂ ਜ਼ਿਆਦਾ ਵੱਟਸਐਪ ਗਰੁੱਪ ਹਨ। ਅਸੀਂ ਫੇਸਬੁੱਕ, ਵੱਟਸਐਪ ਅਤੇ ਡਿਜੀਟਲ ਮਾਧਿਅਮ ਰਾਹੀਂ ਬੂਥ ਪੱਧਰ ’ਤੇ ਲੋਕਾਂ ਤਕ ਪਹੁੰਚ ਰਹੇ ਹਾਂ। ਉੱਥੇ, ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਦਾ ਕਹਿਣਾ ਹੈ, ਇਹ ਨਵੀਂ ਚੁਣੌਤੀ ਹੋਵੇਗਾ। ਚੋਣ ਪ੍ਰਚਾਰ ਲਈ ਫਿਰ ਆਨਲਾਈਨ, ਇੰਟਰਨੈੱਟ ਮੀਡੀਆ ਜਾਂ ਡੋਰ-ਟੂ-ਡੋਰ ’ਤੇ ਜ਼ੋਰ ਦੇਣਾ ਪਵੇਗਾ। ਆਈਟੀ ਸੈਕਟਰ ਦੀ ਭੂਮਿਕਾ ਵਧ ਜਾਵੇਗਾ। ਨਿਸ਼ਚਿਤ ਤੌਰ ’ਤੇ ਕਈ ਨਵੀਆਂ ਚੁਣੌਤੀਆਂ ਸਾਹਮਣੇ ਆਉਣਗੀਆਂ। ਉਹ ਕੀ ਹੋਣਗੀਆਂ, ਇਹ ਕਹਿਣਾ ਅਜੇ ਸੰਭਵ ਨਹੀਂ ਹੈ। ਕਿਉਂਕਿ ਨਵਾਂ ਜ਼ਰੀਆ ਹੋਵੇਗਾ ਲੋਕਾਂ ਨਾਲ ਸੰਵਾਦ ਕਰਨ ਦਾ। ਪਾਰਟੀ ਹਰੇਕ ਪੰਜਾਬੀ ਤਕ ਆਪਣੀ ਪਹੁੰਚ ਕਰਨ ਲਈ ਹਰੇਕ ਯਤਨ ਕਰੇਗੀ।

ਆਪ ਹੈ ਤਿਆਰ

ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ, ਅਸੀਂ ਪਹਿਲਾਂ ਤੋਂ ਹੀ ਇਸ ਮੁੱਦੇ ਨੂੰ ਉਠਾ ਰਹੇ ਹਾਂ ਕਿ ਯੂਰਪੀਅਨ ਦੇਸ਼ਾਂ ਵਾਂਗ ਸਾਡੇ ਇੱਥੇ ਪਾਰਟੀ ਆਗੂਆਂ ਦੀ ਬਹਿਸ ਹੋਣੀ ਚਾਹੀਦੀ ਹੈ। ਜੇਕਰ 15 ਤੋਂ ਬਾਅਦ ਵੀ ਰੋਕ ਰਹਿੰਦੀ ਹੈ ਤਾਂ ਪਾਰਟੀ ਇਸ ਲਈ ਤਿਆਰ ਹੈ। ਈ ਪਲੇਟਫਾਰਮ ’ਤੇ ਆ ਕੇ ਸਾਰੀਆਂ ਸਿਆਸੀ ਪਾਰਟੀਆਂ ਆਪਣੀ-ਆਪਣੀ ਗੱਲ ਕਰਨ।

ਭਾਜਪਾ ਦੇ ਅਨੁਭਵ

ਵਰਚੁਅਲ ਪ੍ਰਚਾਰ ਨੂੰ ਲੈ ਕੇ ਸਭ ਤੋਂ ਅਨੁਭਵੀ ਪਾਰਟੀ ਭਾਰਤੀ ਜਨਤਾ ਪਾਰਟੀ ਹੈ। ਭਾਜਪਾ ਨੇ ਪੱਛਮੀ ਬੰਗਾਲ ਚੋਣਾਂ ’ਚ ਵੀ ਵਰਚੁਅਲ ਰੈਲੀਆਂ ਕੀਤੀਆਂ ਹਨ। ਉਥੇ, ਪਾਰਟੀ ਦੇ ਪ੍ਰਦੇਸ਼ ਜਨਰਲ ਸਕੱਤਰ ਜੀਵਨ ਗੁਪਤਾ ਦਾ ਕਹਿਣਾ ਹੈ, ਕੋਵਿਡ ਦੌਰਾਨ ਭਾਜਪਾ ਨੇ ਆਪਣੀਆਂ ਸਾਰੀਆਂ ਗਤੀਵਿਧੀਆਂ ਵਰਚੁਅਲ ਹੀ ਚਲਾਈਆਂ ਸਨ। ਜੇਕਰ ਕਮਿਸ਼ਨ ਦੀ ਰੋਕ 15 ਜਨਵਰੀ ਤੋਂ ਬਾਅਦ ਵੀ ਰਹਿੰਦੀ ਹੈ ਤਾਂ ਪਾਰਟੀ ਉਸ ਲਈ ਤਿਆਰ ਹੈ।

Share This :

Leave a Reply