ਇਸਲਾਮਾਬਾਦ (ਮੀਡੀਆ ਬਿਊਰੋ): ਪਾਕਿਸਤਾਨ ਦੇ ਵਪਾਰੀਆਂ ਨੇ ਇਕ ਹਿੰਦੂ ਵਪਾਰੀ ਦੇ ਕਤਲ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ। ਇਸ ਕਾਰਨ ਖੁਜ਼ਦਾਰ ਅਤੇ ਕਰਾਚੀ ਵਿਚਕਾਰ ਘੰਟਿਆਂ ਤੱਕ ਜਾਮ ਰਿਹਾ।
ਐਕਸਪ੍ਰੈੱਸ ਟ੍ਰਿਬਿਊਨ ਦੀ ਇਕ ਰਿਪੋਰਟ ਮੁਤਾਬਕ ਬਲੋਚਿਸਤਾਨ ਦੇ ਖੁਜ਼ਦਾਰ ਜ਼ਿਲ੍ਹੇ ਦੇ ਵਾਧ ਕਸਬੇ ਵਿਚ ਵਪਾਰੀਆਂ ਨੇ ਇਕ ਹਿੰਦੂ ਵਪਾਰੀ ਦੇ ਕਤਲ ਦੇ ਵਿਰੋਧ ਵਿਚ ਹੜਤਾਲ ਕੀਤੀ ਅਤੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਖੁਜ਼ਦਾਰ ਅਤੇ ਕਰਾਚੀ ਵਿਚਾਲੇ ਆਵਾਜਾਈ ਕਈ ਘੰਟੇ ਤੱਕ ਠੱਪ ਰਹੀ।
ਪੁਲਸ ਮੁਤਾਬਕ ਹਥਿਆਰਾਂ ਨਾਲ ਲੈਸ ਅਣਪਛਾਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਵਪਾਰੀ ਅਸ਼ੋਕ ਕੁਮਾਰ ‘ਤੇ ਗੋਲੀਆਂ ਚਲਾ ਦਿੱਤੀਆਂ ਸਨ ਜਦੋਂ ਉਹ ਵਾਧ ਬਾਜ਼ਾਰ ਵਿਚ ਆਪਣੀ ਦੁਕਾਨ ‘ਤੇ ਸੀ।
ਗੰਭੀਰ ਰੂਪ ਨਾਲ ਜ਼ਖਮੀ ਹੋਏ ਅਸ਼ੋਕ ਕੁਮਾਰ ਨੂੰ ਵਾਧ ਸਰਕਾਰੀ ਹਸਪਤਾਲ ਲਿਜਾਇਆ ਗਿਆ ਸੀ ਪਰ ਕਈ ਗੋਲੀਆਂ ਲੱਗਣ ਕਾਰਨ ਉਹਨਾਂ ਦੀ ਮੌਤ ਹੋ ਗਈ। ਇਸ ਦੇ ਵਿਰੋਧ ਵਿਚ ਵਾਧ ਦੇ ਵਪਾਰੀਆਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਬੇਰੀਕੇਡ ਲਗਾ ਕੇ ਰਾਸ਼ਟਰੀ ਹਾਈਵੇਅ ਬੰਦ ਕਰ ਦਿੱਤਾ।