ਚੰਡੀਗੜ੍ਹ, ਮੀਡੀਆ ਬਿਊਰੋ:
ਵਿਧਾਨ ਸਭਾ ਚੋਣਾਂ (Punjab Assembly Election 2022) ’ਚ ਬੇਸ਼ੱਕ ਭਾਰਤੀ ਜਨਤਾ ਪਾਰਟੀ (BJP) ਦੀ ਅਗਵਾਈ ਵਾਲੇ ਗਠਜੋਡ਼ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਸੰਗਰੂਰ ਲੋਕ ਸਭਾ ਸੀਟ (Sangrur Lok Sabha Seat) ਦੀ ਉਪ ਚੋਣ ਤੇ ਨਗਰ ਨਿਗਮ ਦੀਆਂ ਦਸੰਬਰ ’ਚ ਹੋਣ ਵਾਲੀਆਂ ਚੋਣਾਂ ਲਈ ਪਾਰਟੀ ਨੇ ਹੁਣ ਤੋਂ ਹੀ ਤਿਆਰੀ ਆਰੰਭ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੱਲੋਂ ਲੋਕ ਸਭਾ ਤੋਂ ਅਸਤੀਫ਼ਾ ਦਿੱਤੇ ਜਾਣ ਬਾਅਦ ਇਹ ਸੀਟ ਖ਼ਾਲੀ ਹੋ ਗਈ ਹੈ ਅਤੇ ਇਸ ’ਤੇ ਅਗਲੇ ਛੇ ਮਹੀਨਿਆਂ ’ਚ ਜ਼ਿਮਨੀ ਚੋਣ ਹੋਣੀ ਹੈ।
ਭਾਜਪਾ ਨੇ ਸੰਗਰੂਰ ਤੋਂ ਹੀ ਵਿਧਾਨ ਸਭਾ ਚੋਣ ਲਡ਼ ਚੁੱਕੇ ਅਰਵਿੰਦ ਖੰਨਾ ਨੂੰ ਇਸ ਸੀਟ ਤੋਂ ਚੋਣ ਲਡ਼ਵਾਉਣ ਦੀ ਮਨ ਬਣਾਇਆ ਹੈ। ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਨਾਲ ਗਠਜੋਡ਼ ਵੀ ਹੈ। ਗਠਜੋਡ਼ ’ਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਸਾਬਕਾ ਵਿੱਤ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੂੰ ਇਸ ਸੀਟ ਤੋਂ ਖਡ਼੍ਹਾ ਕਰ ਦਿੱਤਾ ਜਾਵੇ। ਇਸ ਸੀਟ ’ਤੇ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਸਾਲ 2004 ’ਚ ਜਿੱਤ ਦਰਜ ਕੀਤੀ ਸੀ। ਹਾਲਾਂਕਿ ਉਸ ਤੋਂ ਬਾਅਦ ਉਹ ਲਗਾਤਾਰ ਤਿੰਨ ਵਾਰ ਹਾਰ ਗਏ ਸਨ।
ਭਾਜਪਾ ਜੇ ਉਪ ਚੋਣ ’ਚ ਉੱਤਰਦੀ ਹੈ ਤਾਂ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਉਹ ਇਸ ਸੰਸਦੀ ਸੀਟ ਤੋਂ ਚੋਣ ਲਡ਼ੇਗੀ। ਸੰਗਰੂਰ ਸੰਸਦੀ ਸੀਟ ’ਚ ਸੰਗਰੂਰ, ਲਹਿਰਾਗਾਗਾ, ਸੁਨਾਮ, ਧੂਰੀ, ਮਾਲੇਰਕੋਟਲਾ ਤੇ ਅਹਿਮਦਗਡ਼੍ਹ ਮੰਡੀਆਂ ਆਉਂਦੀਆਂ ਹਨ ਜਿੱਥੋਂ ਪਾਰਟੀ ਨੂੰ ਸ਼ਹਿਰੀ ਵੋਟ ਮਿਲਣ ਦੀ ਆਸ ਹੈ। ਏਸੇ ਲਈ ਪਾਰਟੀ ਇਸ ਸੀਟ ’ਤੇ ਅਰਵਿੰਦ ਖੰਨਾ ਨੂੰ ਉਤਾਰਨਾ ਚਾਹੁੰਦੀ ਹੈ।
ਅਰਵਿੰਦਰ ਖੰਨਾ ਪਹਿਲਾਂ ਵੀ ਸੰਗਰੂਰ ਤੇ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਜੇ ਉਹ ਇਸ ਸੀਟ ’ਤੇ ਚੋਣ ਲਡ਼ਦੇ ਹਨ ਤਾਂ ਉਨ੍ਹਾਂ ਦੇ ਸੰਸਦੀ ਹਲਕੇ ’ਚ ਦੋ ਅਜਿਹੀਆਂ ਵਿਧਾਨ ਸਭਾ ਸੀਟਾਂ ਹਨ ਜਿੱਥੋਂ ਉਨ੍ਹਾਂ ਨੂੰ ਚੰਗੀਆਂ ਵੋਟਾਂ ਮਿਲ ਸਕਦੀਆਂ ਹਨ। ਅਰਵਿੰਦ ਖੰਨਾ ਕੈਪਟਨ ਅਮਰਿੰਦਰ ਸਿੰਘ ਦੀ ਭੂਆ ਦੇ ਪੁੱਤਰ ਹਨ। ਲਗਪਗ ਇਹੀ ਸਥਿਤੀ ਪਰਮਿੰਦਰ ਸਿੰਘ ਢੀਂਡਸਾ ਨਾਲ ਵੀ ਹੈ। ਢੀਂਡਸਾ ਖ਼ੁਦ ਸੁਨਾਮ ਤੇ ਲਹਿਰਾਗਾਗਾ ਤੋਂ ਚੋਣ ਜਿੱਤੇ ਹੋਏ ਹਨ ਜੋ ਸੰਗਰੂਰ ਸੰਸਦੀ ਸੀਟ ਦੇ ਇਲਾਕੇ ਹਨ। ਉਹ ਮੰਨਦੇ ਹਨ ਤਾਂ ਟਿਕਟ ਉਨ੍ਹਾਂ ਨੂੰ ਮਿਲ ਸਕਦੀ ਹੈ।
ਰਾਣਾ ਸੋਢੀ ਨੂੰ ਬਣਾਇਆ ਇੰਚਾਰਜ
ਭਾਜਪਾ ਨੇ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸੰਗਰੂਰ ਸੰਸਦੀ ਸੀਟ ਦਾ ਇੰਚਾਰਜ ਬਣਾਇਆ ਹੈ। ਅਗਲੇ ਸਮੇਂ ਇਸ ਖੇਤਰ ’ਚ ਹੋਣ ਵਾਲੀ ਉਪ ਚੋਣ ’ਚ ਪਾਰਟੀ ਨੂੰ ਜਿਤਾਉਣਾ ਹੁਣ ਉਨ੍ਹਾਂ ਦੇ ਮੋਢਿਆਂ ’ਤੇ ਹੋਵੇਗਾ। ਰਾਣਾ ਸੋਢੀ ਇਸ ਵਾਰ ਫਿਰੋਜ਼ਪੁਰ ਸ਼ਹਿਰੀ ਤੋਂ ਭਾਜਪਾ ਦੀ ਟਿਕਟ ’ਤੇ ਲਡ਼ੇ ਸਨ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਜ਼ਿਲ੍ਹਾ ਤੇ ਸੂਬਾ ਪੱਧਰ ’ਤੇ ਬਦਲਾਅ ਤੈਅ
ਭਾਜਪਾ ਨੇ ਸੰਗਰੂਰ ਉਪ ਚੋਣ ਤੋਂ ਇਲਾਵਾ ਇਸੇ ਸਾਲ ਨਗਰ ਨਿਗਮਾਂ ਦੀਆਂ ਚੋਣਾਂ ’ਚ ਵੀ ਉੱਤਰਨਾ ਹੈ। ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਵਰਗੀਆਂ ਨਗਰ ਨਿਗਮਾਂ ’ਚ ਲਡ਼ਾਈ ਸੌਖੀ ਨਹੀਂ ਹੈ ਪਰ ਪਾਰਟੀ ਲਈ ਇਹ ਸਾਰੀਆਂ ਨਗਰ ਨਿਗਮਾਂ ਮਹੱਤਵਪੂਰਨ ਵੀ ਹਨ। ਏਸੇ ਲਈ ਪਾਰਟੀ ਨੇ ਜ਼ਿਲ੍ਹਾ ਤੇ ਸੂਬਾ ਪੱਧਰ ’ਤੇ ਸੰਗਠਨ ’ਚ ਬਦਲਾਅ ਕਰਨ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ’ਚ ਦਸ ਦੇ ਕਰੀਬ ਜ਼ਿਲ੍ਹਾ ਪ੍ਰਧਾਨਾਂ ਦਾ ਬਦਲਿਆ ਜਾਣਾ ਤੈਅ ਹੈ। ਇਨ੍ਹਾਂ ਸਾਰੇ ਜ਼ਿਲ੍ਹਿਆਂ ’ਚ ਉਨ੍ਹਾਂ ਲੋਕਾਂ ਨੂੰ ਤਰੱਕੀ ਮਿਲ ਸਕਦੀ ਹੈ ਜਿਨ੍ਹਾਂ ਨੇ ਵਿਧਾਨ ਸਭਾ ਦੀਆਂ ਚੋਣਾਂ ’ਚ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਬਾਵਜੂਦ ਪਾਰਟੀ ਲਈ ਚੰਗਾ ਕੰਮ ਕੀਤਾ। ਵਿਧਾਨ ਸਭਾ ਚੋਣਾਂ ’ਚ ਦੂਜੇ ਸੂਬਿਆਂ ਤੋਂ ਆਏ ਇੰਚਾਰ, ਪੰਜਾਬ ਦੇ ਸੰਗਠਨ ਤੇ ਆਰਐੱਰਐੱਸ ਦੀ ਰਿਪੋਰਟ ਦੇ ਆਧਾਰ ’ਤੇ ਇਨ੍ਹਾਂ ਸਾਰਿਆਂ ਨੂੰ ਜ਼ਿਲ੍ਹਾ ਇੰਚਾਰਜ ਬਣਾਇਆ ਜਾਵੇਗਾ ਜਾਂ ਫਿਰ ਸੂਬਾ ਇਕਾਈ ’ਚ ਲਾਇਆ ਜਾਵੇਗਾ।