ਸੁਖਬੀਰ ਬਾਦਲ ਦੇ ਨਿਸ਼ਾਨੇ ’ਤੇ ਅਰਵਿੰਦ ਕੇਜਰੀਵਾਲ, ਕਿਹਾ-ਪੰਜਾਬ ’ਚ ‘ਆਪ’ ਦਾ ਹੋਵੇਗਾ ਨਕਲੀ ਮੁੱਖ ਮੰਤਰੀ ਚਿਹਰਾ

ਮੋਹਾਲੀ, ਮੀਡੀਆ ਬਿਊਰੋ:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀਰਵਾਰ ਨੂੰ ਜ਼ੀਰਕਪੁਰ ਪਹੁੰਚੇ ਸਨ। ਇੱਥੇ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਕੀਤਾ। ਬਾਦਲ ਨੇ ਕਿਹਾ ਕਿ ਕੇਜਰੀਵਾਲ ਪੰਜਾਬ ’ਚ ‘ਆਪ’ ਦੇ ਮੁੱਖ ਮੰਤਰੀ ਚਿਹਰੇ ਨੂੰ ਡੰਮੀ ਬਣਾ ਦੇਣਗੇ। ਕੇਜਰੀਵਾਲ ਦਾ ਪੰਜਾਬ ਅਤੇ ਪੰਜਾਬੀਆ ਨਾਲ ਕੋਈ ਵਾਸਤਾ ਨਹੀਂ ਹੈ।

ਸੁਖਬੀਰ ਬਾਦਲ ਲੋਹੜੀ ਮੌਕੇ ਜ਼ੀਰਕਪੁਰ ਦੇ ਸਾਬਕਾ ਸਰਪੰਚ, ਸਾਬਕਾ ਕੌਂਸਲਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਜਸਪਾਲ ਸਿੰਘ ਦੇ ਘਰ ਪੁੱਜੇ ਸਨ। ਇੱਥੇ ਵਿਧਾਇਕ ਐੱਨਕੇ ਸ਼ਰਮਾ ਦੇ ਯਤਨਾਂ ਸਦਕਾ ਜਸਪਾਲ ਸਰਪੰਚ ਨੇ ਆਪ ਅਤੇ ਆਪਣੇ ਸੈਂਕੜੇ ਸਮਰਥਕਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸੁਖਬੀਰ ਬਾਦਲ ਨੇ ਜਸਪਾਲ ਸਰਪੰਚ ਅਤੇ ਉਸਦੇ ਸਮਰਥਕਾਂ ਨੂੰ ਸਿਰੋਪਾਓ ਪਾ ਕੇ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ।

ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜਿਸ ਨੇ ਪੰਜਾਬ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਹੈ। ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਅਕਾਲੀ ਦਲ ਹੀ ਸੂਬੇ ਨੂੰ ਸਥਿਰ ਸਰਕਾਰ ਦੇ ਸਕਦਾ ਹੈ।

ਕੇਜਰੀਵਾਲ ਦਿੱਲੀ ਵਿੱਚ ਐੱਸਵਾਈਐੱਲ ਬਾਰੇ ਕੁਝ ਹੋਰ ਬੋਲਦਾ ਹੈ ਅਤੇ ਪੰਜਾਬ ਵਿੱਚ ਕੁਝ ਹੋਰ। ਉਹ ਸੁਪਰੀਮ ਕੋਰਟ ਵਿੱਚ ਥਰਮਲ ਪਲਾਂਟ ਬੰਦ ਕਰਨ ਦੀ ਗੱਲ ਕਰਦਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਵੇਚਣ ਦਾ ਦੋਸ਼ ਲਾਉਂਦਿਆ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਚਾਰ ਸੰਸਦ ਮੈਂਬਰ ਬਣਾਏ ਸਨ, ਜਿਨ੍ਹਾਂ ’ਚੋਂ ਤਿੰਨ ਪਾਰਟੀ ਛੱਡ ਕੇ ਦੂਜੀ ਪਾਰਟੀ ’ਚ ਸ਼ਾਮਲ ਹੋ ਗਏ ਹਨ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ 20 ਵਿਧਾਇਕ ਚੋਣ ਜਿੱਤੇ ਸਨ, ਜਿਨ੍ਹਾਂ ਵਿੱਚੋਂਂ ਜ਼ਿਆਦਾਤਰ ਨੇ ਕੇਜਰੀਵਾਲ ਤੋਂ ਤੰਗ ਆ ਕੇ ਪਾਰਟੀ ਛੱਡ ਦਿੱਤੀ ਸੀ। ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਜਾਅਲੀ ਅਤੇ ਪੇਡ ਸਰਵੇ ਕਰਵਾ ਕੇ ਗੁੰਮਰਾਹ ਨਹੀਂ ਕਰ ਸਕਦਾ।

ਦਿੱਲੀ ਮਾਡਲ ਨੂੰ ਨਕਾਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਿੱਲੀ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਹੈ। ਦਿੱਲੀ ਵਿੱਚ ਮੁਹੱਲਾ ਕਲੀਨਿਕ ਪਹਿਲਾਂ ਹੀ ਫੇਲ੍ਹ ਹੋ ਚੁੱਕੇ ਹਨ। ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂਂ ਵਿੱਚ ਹਸਪਤਾਲਾਂ ਦਾ ਪ੍ਰਬੰਧ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਜਸਪਾਲ ਸਰਪੰਚ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਐੱਨਕੇ ਸ਼ਰਮਾ ਨੇ ਕਿਹਾ ਕਿ ਜਸਪਾਲ ਦੇ ਸਰਪੰਚ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਨਾ ਸਿਰਫ਼ ਡੇਰਾਬਸੀ ਵਿਧਾਨ ਸਭਾ ਹਲਕੇ ਵਿੱਚ ਸਗੋਂ ਮੁਹਾਲੀ, ਰਾਜਪੁਰਾ ਦੇ ਇਲਾਕਿਆਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਲਾਭ ਮਿਲੇਗਾ। ਡੇਰਾਬਸੀ ਭਾਈਚਾਰੇ ਦਾ ਵਿਕਾਸ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ ਹੈ।

Share This :

Leave a Reply