ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਇਕਾਂਤਵਾਸ ਵਿਚ ਰੱਖੇ ਹੋਏ ਦੁਬਈ ਅਤੇ ਮਹਾਂਰਾਸ਼ਟਰ ਤੋਂ ਆਏ ਇੱਕ-ਇੱਕ ਵਿਅਕਤੀ ਦੇ ਕੋਵਿਡ-19 ਕਰੋਨਾ ਟੈਸਟ ਪਾਜ਼ਿਟਿਵ ਪਾਏ ਗਏ ਹਨ। ਇਹ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਨੇ ਦੱਸਿਆ ਕਿ ਪਿੰਡ ਮੀਰਪੁਰ ਜੱਟਾਂ ਦਾ 43 ਸਾਲਾ ਵਿਅਕਤੀ ਦੁਬਈ ਤੋਂ ਪਰਤਣ ਬਾਅਦ ਕੇ ਸੀ ਕਾਲਜ ’ਚ ਬਣਾਏ ਇਕਾਂਤਵਾਸ ਕੇਂਦਰ ’ਚ ਰੱਖਿਆ ਹੋਇਆ ਸੀ, ਜਿਸ ਦਾ ਕੋਵਿਡ-19 ਟੈਸਟ ਪਾਜ਼ਿਟਿਵ ਪਾਇਆ ਗਿਆ ਹੈ।
ਇਸੇ ਤਰ੍ਹਾਂ ਮਹਾਂਰਾਸ਼ਟਰ ਤੋਂ ਆਪਣੀ ਰਿਸ਼ਤੇਦਾਰੀ ’ਚ ਪਰਿਵਾਰ ਸਮੇਤ ਆਏ 45 ਸਾਲ ਦੇ ਇੱਕ ਹੋਰ ਵਿਅਕਤੀ ਦਾ ਨਤੀਜਾ ਵੀ ਪਾਜ਼ਿਟਿਵ ਪਾਇਆ ਗਿਆ ਹੈ। ਉਸ ਦੇ ਨਾਲ ਕੁਆਰਨਟੀਨ ਕੀਤੇ ਗਏ ਚਾਰ ਹੋਰ ਮੈਂਬਰਾਂ ਦੇ ਟੈਸਟ ਨੈਗੇਟਿਵ ਪਾਏ ਗਏ ਹਨ। ਇਨ੍ਹਾਂ ਦੋਵਾਂ ਕੋਵਿਡ ਮਰੀਜ਼ਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ’ਚ ਤਬਦੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋ ਨਵੇਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ’ਚ ਕੁੱਲ 11 ਕੇਸ ਐਕਟਿਵ ਹੋ ਗਏ ਹਨ ਜਦਕਿ ਦੂਸਰੇ ਰਾਜਾਂ/ਜ਼ਿਲ੍ਹਿਆਂ ਨਾਲ ਸਬੰਧਤ ਮਾਮਲਿਆਂ ਦੀ ਗਿਣਤੀ 15 ਹੋ ਗਈ ਹੈ।