
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਬੀਤੇ ਦੋ ਹਫਤਿਆਂ ਦੌਰਾਨ ਨਿਊਯਾਰਕ ਤੇ ਵਾਸ਼ਿੰਗਟਨ ਡੀ ਸੀ ਵਿਚ ਵੱਖ ਵੱਖ ਥਾਵਾਂ ‘ਤੇ ਸੁੱਤੇ ਪਏ ਬੇਘਰੇ ਵਿਅਕਤੀਆਂ ਉਪਰ ਗੋਲੀਆਂ ਚਲਾਉਣ ਵਾਲੇ ਸ਼ੱਕੀ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਪਛਾਣ ਗਰਾਲਡ ਬਰੀਵਰਡ ਵਜੋਂ ਹੋਈ ਹੈ। ਮੈਟਰੋਪੋਲੀਟਨ ਪੁਲਿਸ ਮੁੱਖੀ ਰਾਬਰਟ ਕੋਨਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡੀ ਸੀ ਵਾਸੀ 30 ਸਾਲਾ ਬਰੀਵਰਡ ਵਿਰੁੱਧ ਫਸਟ ਡਿਗਰੀ ਹੱਤਿਆ, ਹੱਤਿਆ ਦੀ ਕੋਸ਼ਿਸ ਤੇ ਖਤਰਨਾਕ ਹਥਿਆਰ ਰਖਣ ਸਮੇਤ ਹੋਰ ਕਈ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਉਨਾਂ ਕਿਹਾ ਕਿ ਸ਼ੱਕੀ ਦੋਸ਼ੀ ਵੱਲੋਂ ਵਰਤਿਆ ਗਿਆ ਅਗਨ ਸ਼ਸ਼ਤਰ ਅਜੇ ਬਰਾਮਦ ਨਹੀਂ ਹੋਇਆ ਹੈ।
ਉਨਾਂ ਦੱਸਿਆ ਕਿ ਏ ਟੀ ਐਫ ਦੀ ਟੀਮ ਨੇ ਸ਼ੱਕੀ ਦੋਸ਼ੀ ਨੂੰ ਪੈਨਸਿਲਵਾਨੀਆ ਐਵਨਿਊ ਪੁਲ ਨੂੰ ਪੈਦਲ ਪਾਰ ਕਰਦਿਆਂ ਵੇਖਿਆ ਜਿਥੋਂ ਉਹ ਨਾਲ ਲੱਗਦੇ ਗੈਸ ਸਟੇਸ਼ਨ ਵੱਲ ਨੂੰ ਗਿਆ ਜਿਥੇ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਅਨੁਸਾਰ ਸ਼ੱਕੀ ਦੋਸ਼ੀ ਦਾ ਬੇਘਰੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਪਿੱਛੇ ਮਕਸਦ ਸਪੱਸ਼ਟ ਨਹੀਂ ਹੋ ਸਕਿਆ। ਇਨਾਂ ਹਮਲਿਆਂ ਵਿਚ ਦੋ ਵਿਅਕਤੀ ਮਾਰੇ ਗਏ ਸਨ ਤੇ 3 ਹੋਰ ਜੇਰੇ ਇਲਾਜ ਹਨ। ਮਾਰੇ ਗਏ ਵਿਅਕਤੀਆਂ ਵਿਚੋਂ ਇਕ ਦਾ ਨਾਂ ਮੋਰਗਨ ਹੋਲਮਸ ਹੈ ਜਿਸ ਦੀ ਉਮਰ 54 ਸਾਲ ਦੇ ਕਰੀਬ ਸੀ ਜਦ ਕਿ ਮਾਰੇ ਗਏ ਦੂਸਰੇ ਵਿਅਕਤੀ ਦਾ ਨਾਂ ਪੁਲਿਸ ਨੇ ਜਨਤਿਕ ਨਹੀਂ ਕੀਤਾ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਗੋਲੀ ਚੱਲਣ ਦੀਆਂ ਸਾਰੀਆਂ 5 ਘਟਨਾਵਾਂ ਵਿਚ ਇਕੋ ਗੰਨ ਵਰਤੀ ਗਈ ਹੈ।
ਇਥੇ ਜਿਕਰਯੋਗ ਹੈ ਕਿ ਪੁਲਿਸ ਨੇ ਸ਼ੱਕੀ ਦੋਸ਼ੀ ਦੀ ਗ੍ਰਿਫਤਾਰੀ ਲਈ ਸੂਹ ਦੇਣ ਵਾਲੇ ਨੂੰ 55000 ਡਾਲਰ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ।





















