ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਟਕਸਨ, ਐਰੀਜ਼ੋਨਾ ਵਿਚ ਰੇਲ ਗੱਡੀ ਵਿਚ ਹੋਈ ਗੋਲੀਬਾਰੀ ਵਿਚ ਸੰਘੀ ਡਰੱਗ ਇਨਫੋਰਸਮੈਂਟ ਏਜੰਸੀ ਦਾ ਇਕ ਵਿਸ਼ੇਸ਼ ਅਧਿਕਾਰੀ ਮਾਰਿਆ ਗਿਆ ਤੇ ਇਕ ਹੋਰ ਜ਼ਖਮੀ ਹੋ ਗਿਆ ਜਿਸ ਦੀ ਹਾਲਤ ਗੰਭੀਰ ਹੈ। ਟਕਸਨ ਦੇ ਪੁਲਿਸ ਮੁੱਖੀ ਕ੍ਰਿਸ ਮੈਗਨਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਘਟਨਾ ਵਿਚ ਇਕ ਪੁਲਿਸ ਅਧਿਕਾਰੀ ਵੀ ਜ਼ਖਮੀ ਹੋਇਆ ਹੈ ਜਿਸ ਦੀ ਹਾਲਤ ਸਥਿੱਰ ਹੈ। ਉਨਾਂ ਦੱਸਿਆ ਕਿ ਲਾਅ ਇਨਫੋਰਸਮੈਂਟ ਦੇ 3 ਅਧਿਕਾਰੀ, ਡਰੱਗ ਇਨਫੋਰਸਮੈਂਟ ਪ੍ਰਸ਼ਾਸਨ ਦੀ ਜੋਆਇੰਟ ਟਾਸਕ ਫੋਰਸ ਦੇ ਮੈਂਬਰ ਤੇ ਸਥਾਨਕ ਪੁਲਿਸ ਸਾਂਝੇ ਤੌਰ ‘ਤੇ ਗੈਰ ਕਾਨੂੰਨੀ ਹਥਿਆਰਾਂ, ਪੈਸੇ ਤੇ ਡਰੱਗ ਦੀ ਬਰਾਮਦਗੀ ਲਈ ਅਮਤਰਕ ਰੇਲ ਦੀ ਆਮ ਵਾਂਗ ਤਲਾਸ਼ੀ ਲੈ ਰਹੀ ਸੀ ਤੇ ਸ਼ੱਕੀ ਲੋਕਾਂ ਕੋਲੋਂ ਪੁੱਛਗਿੱਛ ਕਰ ਰਹੀ ਸੀ ਤਾਂ ਦੋ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਜਿਨਾਂ ਵਿਚੋਂ ਇਕ ਨੇ ਗੋਲੀਆਂ ਚਲਾ ਦਿੱਤੀਆਂ ਜੋ ਖੁਦ ਵੀ ਬਾਅਦ ਵਿਚ ਮਾਰਿਆ ਗਿਆ।
ਹਾਲਾਂ ਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਨੇ ਖੁਦ ਆਪਣੀ ਜਾਨ ਲਈ ਹੈ ਜਾਂ ਪੁਲਿਸ ਦੀ ਕਾਰਵਾਈ ਵਿਚ ਮਾਰਿਆ ਗਿਆ ਹੈ। ਦੂਸਰੇ ਸ਼ੱਕੀ ਨੂੰ ਪੁਲਿਸ ਨੇ ਕਾਬੂ ਕਰ ਲਿਆ। ਗੋਲੀਬਾਰੀ ਟਕਸਨ ਦੇ ਸਟੇਸ਼ਨ ਉਪਰ ਡਬਲ ਡੈਕਰ ਰੇਲ ਗੱਡੀ ਦੇ ਰੁਕਣ ਉਪਰੰਤ ਸਥਾਨਕ ਸਮੇ ਅਨੁਸਾਰ ਸਵੇਰੇ 8ਵਜੇ ਦੇ ਆਸ ਪਾਸ ਹੋਈ ਤੇ ਤਕਰੀਬਨ 15 ਮਿੰਟ ਜਾਰੀ ਰਹੀ। ਜਿਸ ਸਮੇ ਸਨਸੈੱਟ ਲਿਮਟਿਡ ਟਰੇਨ-2 ਵਿਚ ਗੋਲੀਬਾਰੀ ਹੋਈ ਤਾਂ ਉਸ ਵਿਚ 137 ਯਾਤਰੀ ਤੇ ਅਮਲੇ ਦੇ 11 ਮੈਂਬਰ ਸਵਾਰ ਸਨ। ਇਨਾਂ ਸਾਰੇ ਯਾਤਰੀਆਂ ਤੇ ਮੁਲਾਜ਼ਮਾਂ ਨੂੰ ਸੁਰੱਖਿਅਤ ਰੇਲ ਗੱਡੀ ਵਿਚੋਂ ਬਾਹਰ ਕੱਢ ਲਿਆ ਗਿਆ। ਇਹ ਰੇਲ ਗੱਡੀ ਲਾਸ ਏਂਜਲਸ ਤੋਂ ਨਿਊ ਓਰਲੀਨਜ ਜਾ ਰਹੀ ਸੀ। ਮੈਗਨਸ ਨੇ ਦੱਸਿਆ ਕਿ ਇਸ ਕਾਰਵਾਈ ਵਿਚ ਕਿਸੇ ਗੈਰ ਕਾਨੂੰਨੀ ਹਥਿਆਰ ਜਾਂ ਡਰੱਗ ਦੀ ਬ੍ਰਾਮਦਗੀ ਬਾਰੇ ਉਨਾਂ ਕੋਲ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨੇ ਮਾਰੇ ਗਏ ਸ਼ੱਕੀ ਦੋਸ਼ੀ ਤੇ ਗ੍ਰਿਫਤਾਰ ਕੀਤੇ ਸ਼ੱਕੀ ਦੀ ਪਛਾਣ ਬਾਰੇ ਕੁਝ ਨਹੀਂ ਦੱਸਿਆ ਹੈ। ਘਟਨਾ ਦੀ ਐਫ ਬੀ ਆਈ ਜਾਂਚ ਕਰ ਰਹੀ ਹੈ।