ਅੰਮ੍ਰਿਤਸਰ, ਮੀਡੀਆ ਬਿਊਰੋ:
ਪਿਛਲੇ ਕੁਝ ਦਿਨਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੀਨਾਕਾਰੀ ਵਿਚ ਜਡ਼ੇ ਨਗਾਂ ਦਾ ਮਾਮਲਾ ਭਖਿਆ ਹੋਇਆ ਹੈ। ਇਸ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਜਿਹਡ਼ਾ ਨਗ ਬੀਤੇ ਦਿਨੀਂ ਡਿੱਗਾ ਸੀ, ਉਹ ਭਾਵੇਂ ਆਮ ਨਗ (ਨੈਚੁਰਲ ਕੁਆਰਟਜ਼) ਹੀ ਹੈ ਪਰ ਫਿਰ ਵੀ ਉਸ ਦੀ ਆਪਣੀ ਇਕ ਪੁਰਾਤਨ ਤੇ ਵਿਰਾਸਤੀ ਮਹੱਤਤਾ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਮੀਡੀਆ ਵਿਚ ਜੋ ਵੀ ਖ਼ਬਰਾਂ ਛਪੀਆਂ ਹਨ, ਉਨ੍ਹਾਂ ਨਾਲ ਗੁਰ ੂਘਰ ਨੂੰ ਪਿਆਰ ਕਰਨ ਵਾਲੀ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਮੀਨਾਕਾਰੀ ਵਿਚ ਚੂਨੇ ਨਾਲ ਜਡ਼ੇ ਨਗਾਂ ’ਚੋਂ ਇਕ ਨਗ ਸਲ੍ਹਾਬ ਕਾਰਨ ਡਿੱਗ ਪਿਆ ਸੀ। ਉਸ ਬਾਰੇ ਪਰਦੁਮਨ ਸਿੰਘ ਜਿਊਲਰਜ਼ ਪਾਸੋਂ ਇਸ ਦੀ ਜਾਂਚ/ ਪਰਖ ਕਰਵਾਈ ਗਈ ਸੀ।
ਮੈਨੇਜਰ ਅਨੁਸਾਰ ਜਿਊਲਰਜ਼ ਵੱਲੋਂ ਦਿੱਤੇ ਸਰਟੀਫ਼ਿਕੇਟ ਅਨੁਸਾਰ ਇਹ ਨਾ ਤਾਂ ਡਾਇਮੰਡ ਹੈ ਤੇ ਨਾ ਹੀ ਕੋਈ ਸੁੱਚਾ ਮਹਿੰਗਾ ਸਟੋਨ ਹੈ। ਇਹ ਸਿਰਫ਼ ਮੀਨਾਕਾਰੀ ਨੂੰ ਚਮਕ ਦੇਣ ਵਾਸਤੇ ਹੈ। ਇਸ ਤੋਂ ਬਾਅਦ ਇੰਡੀਅਨ ਜੈੱਮਸਟੋਨ ਲੈਬ ਪਾਸੋਂ ਵੀ ਇਸ ਨਗ ਦੀ ਪਰਖ ਕਰਵਾਈ ਗਈ ਹੈ ਅਤੇ ਉਨ੍ਹਾਂ ਵੱਲੋਂ ਵੀ ਇਸ ਦੀ ਪਰਖ ਕਰਨ ਮਗਰੋਂ ਕੀਤੀ ਗਈ ਰਿਪੋਰਟ ਮੁਤਾਬਕ ਇਹ ਇਕ ਆਮ ਨਗ ਹੀ ਹੈ।
ਉਨ੍ਹਾਂ ਦੱਸਿਆ ਕਿ ਪੁਰਾਤਨ ਤੇ ਵਿਰਾਸਤੀ ਹੋਣ ਕਰਕੇ ਇਸ ਨੂੰ ਬਾਕਾਇਦਾ ਫ਼ਰਾਸ਼ ਕੋਲ ਸੁਰੱਖਿਅਤ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਮੀਨਾਕਾਰੀ ਦੀ ਸੇਵਾ ਦੌਰਾਨ ਇਸ ਨਗ ਨੂੰ ਉਸੇ ਜਗ੍ਹਾ ’ਤੇ ਫ਼ਿੱਟ ਕਰ ਦਿੱਤਾ ਜਾਵੇਗਾ, ਜਿੱਥੋਂ ਉਹ ਡਿੱਗਿਆ ਸੀ।